ਵਿਦੇਸ਼ ਸਕੱਤਰ ਵਿਕਰਮ ਮਿਸਰੀ 26 ਤੋਂ ਦੋ ਦਿਨਾ ਚੀਨ ਦੌਰੇ ’ਤੇ
* ਪੂਰਬੀ ਲੱਦਾਖ ਵਿੱਚ ਹਾਲਾਤ ਸੁਖਾਵੇਂ ਬਣਾਉਣ ਦੇ ਤਰੀਕਿਆਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਵਰਗੇ ਮੁੱਦਿਆਂ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 23 ਜਨਵਰੀ
ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੋ ਰੋਜ਼ਾ ਦੌਰੇ ’ਤੇ ਚੀਨ ਜਾਣਗੇ, ਜਿਸ ਦੀ ਸ਼ੁਰੂਆਤ ਐਤਵਾਰ ਤੋਂ ਹੋਵੇਗੀ। ਡੇਢ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਵੱਲੋਂ ਇਹ ਚੀਨ ਦਾ ਦੂਜਾ ਉੱਚ ਪੱਧਰੀ ਦੌਰਾ ਹੈ। ਪਿਛਲੇ ਮਹੀਨੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਚੀਨ ਗਏ ਸਨ ਅਤੇ ਉਨ੍ਹਾਂ ਉੱਥੇ ਸਰਹੱਦੀ ਵਿਵਾਦ ਸਬੰਧੀ ਵਿਸ਼ੇਸ਼ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕੀਤੀ ਸੀ।
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਮਿਸਰੀ ਵਿਦੇਸ਼ ਸਕੱਤਰ-ਉਪ ਮੰਤਰੀ ਤੰਤਰ ਦੀ ਇਕ ਮੀਟਿੰਗ ਲਈ 26 ਤੇ 27 ਜਨਵਰੀ ਨੂੰ ਚੀਨ ਜਾ ਰਹੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਦੁਵੱਲੇ ਤੰਤਰ ਦੀ ਬਹਾਲੀ ਲੀਡਰਸ਼ਿਪ ਪੱਧਰ ’ਤੇ ਸਮਝੌਤੇ ਨਾਲ ਹੋਈ ਹੈ, ਜਿਸ ਵਿੱਚ ਭਾਰਤ-ਚੀਨ ਸਬੰਧਾਂ ਲਈ ਅਗਲੇ ਕਦਮਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਵਿੱਚ ਸਿਆਸੀ, ਆਰਥਿਕ ਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਦੇ ਖੇਤਰ ਵੀ ਸ਼ਾਮਲ ਹਨ। ਇਸ ਦੌਰੇ ਦੌਰਾਨ ਦੋਵੇਂ ਦੇਸ਼ਾਂ ਦੀ ਹੋਣ ਵਾਲੀ ਗੱਲਬਾਤ ਦੌਰਾਨ ਪੂਰਬੀ ਲੱਦਾਖ ਵਿੱਚ ਹਾਲਾਤ ਸੁਖਾਵੇਂ ਬਣਾਉਣ ਦੇ ਤਰੀਕਿਆਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਕਰਨ ਵਰਗੇ ਵੱਡੀ ਗਿਣਤੀ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਚੀਨ ਦੋਵੇਂ ਦੇਸ਼ਾਂ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਅਤੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਸਹੂਲਤਾਂ ਮੁਹੱਈਆ ਕਰਨ ਲਈ ਦਬਾਅ ਪਾ ਰਿਹਾ ਹੈ।
23 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਇਕ ਮੀਟਿੰਗ ਵਿੱਚ ਵਿਸ਼ੇਸ਼ ਨੁਮਾਇੰਦਿਆਂ ਦੀ ਗੱਲਬਾਤ ਦੇ ਤੰਤਰ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਲਿਆ ਗਿਆ ਸੀ। ਤਕਰੀਬਨ 50 ਮਿੰਟ ਦੀ ਇਸ ਮੀਟਿੰਗ ਵਿੱਚ, ਮੋਦੀ ਨੇ ਵਖਰੇਵਿਆਂ ਤੇ ਵਿਵਾਦਾਂ ਨੂੰ ਸਹੀ ਢੰਗ ਨਾਲ ਨਜਿੱਠਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ ਤਾਂ ਜੋ ਇਨ੍ਹਾਂ ਨਾਲ ਸਰਹੱਦੀ ਇਲਾਕਿਆਂ ਵਿੱਚ ਅਮਨ-ਸ਼ਾਂਤੀ ਭੰਗ ਨਾ ਹੋਵੇ। ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿੱਚ ਗੜਬੜ ਵਾਲੀਆਂ ਆਖ਼ਰੀ ਦੋ ਚੌਕੀਆਂ ਦੇਪਸਾਂਗ ਤੇ ਡੈਮਚੌਕ ਤੋਂ ਫੌਜਾਂ ਪਿੱਛੇ ਹਟਾਉਣ ਦਾ ਸਮਝੌਤਾ ਕੀਤੇ ਜਾਣ ਤੋਂ ਦੋ ਦਿਨਾਂ ਬਾਅਦ ਮੋਦੀ ਤੇ ਸ਼ੀ ਦੀ ਇਹ ਮੀਟਿੰਗ ਹੋਈ ਸੀ। ਵਿਸ਼ੇਸ਼ ਨੁਮਾਇੰਦਿਆਂ ਦੀ ਗੱਲਬਾਤ ਦੌਰਾਨ ਭਾਰਤ ਨੇ ਦੋਵੇਂ ਦੇਸ਼ਾਂ ਵਿਚਾਲੇ ਸਮੁੱਚੇ ਸਰਹੱਦੀ ਵਿਵਾਦ ਦੇ ਨਿਰਪੱਖ, ਵਾਜ਼ਿਬ ਅਤੇ ਦੋਵੇਂ ਦੇਸ਼ਾਂ ਨੂੰ ਸਵੀਕਾਰਯੋਗ ਸਮਝੌਤੇ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਡੋਵਾਲ ਤੇ ਵਾਂਗ ਨੇ ਵੀ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਕਰਨ, ਦਰਿਆਵਾਂ ਦੇ ਪਾਣੀਆਂ ਸਬੰਧੀ ਅੰਕੜੇ ਸਾਂਝੇ ਕਰਨ ਤੇ ਸਰਹੱਦੀ ਕਾਰੋਬਾਰ ਸਣੇ ਸਰਹੱਦ ਪਾਰ ਸਹਿਯੋਗ ਲਈ ਸਕਾਰਾਤਮਕ ਦਿਸ਼ਾ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਭਾਰਤ ਇਹ ਕਹਿੰਦਾ ਆ ਰਿਹਾ ਹੈ ਕਿ ਚੀਨ ਨਾਲ ਉਸ ਦੇ ਸਬੰਧ ਉਦੋਂ ਤੱਕ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਕਿ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਨਹੀਂ ਹੁੰਦੀ। ਡੈਮਚੌਕ ਤੇ ਦੇਪਸਾਂਗ ਵਿੱਚ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਭਾਰਤ ਤੇ ਚੀਨੀ ਫੌਜਾਂ ਨੇ ਕਰੀਬ ਸਾਢੇ ਚਾਰ ਸਾਲ ਦੇ ਵਕਫ਼ੇ ਤੋਂ ਬਾਅਦ ਦੋਵੇਂ ਇਲਾਕਿਆਂ ਵਿੱਚ ਗਸ਼ਤ ਕਰਨਾ ਮੁੜ ਤੋਂ ਸ਼ੁਰੂ ਕੀਤਾ ਸੀ। -ਪੀਟੀਆਈ