ਵਿਦੇਸ਼ੀ ਸ਼ਰਧਾਲੂਆਂ ਨੇ ਲਿਆ ਅਮਰਨਾਥ ਯਾਤਰਾ ਦਾ ਆਨੰਦ
ਦੁਨੀਆ ਦੇ ਛੇ ਮੁਲਕਾਂ ਦੇ ਨੌਂ ਨੌਜਵਾਨ ਸ਼ਰਧਾਲੂਆਂ ਦੇ ਸਮੂਹ ਨੇ ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਦੇ ਦਰਸ਼ਨ ਕਰਕੇ ਆਲਮੀ ਆਸਥਾ ਤੇ ਅਧਿਆਤਮਕ ਸਦਭਾਵਨਾ ਦੀ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਸ਼ਰਧਾਲੂਆਂ ਵਿੱਚ ਅਮਰੀਕਾ, ਕੈਨੇਡਾ ਤੇ ਜਰਮਨੀ ਦੇ ਸ਼ਰਧਾਲੂ ਵੀ ਸ਼ਾਮਲ ਹਨ ਜਿਨ੍ਹਾਂ ਨੇ ਬਾਲਟਾਲ ਮਾਰਗ ਤੋਂ ਯਾਤਰਾ ਕੀਤੀ ਹੈ। ਉਨ੍ਹਾਂ ਤੀਰਥ ਯਾਤਰਾ ਨੂੰ ਬਹੁਤ ਹੀ ਵਿਲੱਖਣ ਤਜਰਬਾ ਦੱਸਿਆ ਤੇ ਘਾਟੀ ’ਚ ਮਿਲੀ ਮਹਿਮਾਨ ਨਵਾਜ਼ੀ ਦੀ ਸ਼ਲਾਘਾ ਕੀਤੀ।
ਦੂਜੇ ਪਾਸੇ ਭਗਵਾਨ ਸ਼ਿਵ ਦੀ ਪਵਿੱਤਰ ‘ਛੜੀ ਮੁਬਾਰਕ’ ਨੂੰ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਸਾਉਣ ਮਹੀਨੇ ਦੀ ਮੱਸਿਆ ਮੌਕੇ ਵਿਸ਼ੇਸ਼ ਪੂਜਾ ਲਈ ਅੱਜ ਇੱਥੋਂ ਦੇ ਇਤਿਹਾਸਕ ਸ਼ੰਕਰਾਚਾਰੀਆ ਮੰਦਰ ਲਿਜਾਇਆ ਗਿਆ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਹੇਠ ਛੜੀ ਮੁੁਬਾਰਕ ਨੂੰ ਸਾਲਾਨਾ ਅਮਰਨਾਥ ਯਾਤਰਾ ਤਹਿਤ ਪੂਜਾ ਲਈ ਗੋਪਾਦਰੀ ਪਹਾੜੀਆਂ ’ਤੇ ਸਥਿਤ ਮੰਦਰ ਲਿਜਾਇਆ ਗਿਆ। ਗਿਰੀ ਨੇ ਦੱਸਿਆ ਕਿ ਛੜੀ ਮੁਬਾਰਕ ਨਾਲ ਆਏ ਸਾਧੂਆਂ ਨੇ ਵੀ ਪੂਜਾ ’ਚ ਹਿੱਸਾ ਲਿਆ ਅਤੇ ਜੰਮੂ ਕਸ਼ਮੀਰ ’ਚ ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਦੱਸਿਆ ਕਿ ਭਲਕੇ ਛੜੀ ਮੁਬਾਰਕ ਨੂੰ ਇੱਥੇ ਹਰਿ ਪਰਬਤ ਸਥਿਤ ‘ਸ਼ਾਰਿਕਾ-ਭਵਾਨੀ’ ਮੰਦਰ ਵੀ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇੱਥੇ ਸ੍ਰੀ ਅਮਰੇਸ਼ਵਰ ਮੰਦਰ ਦਸ਼ਨਾਮੀ ਅਖਾੜਾ ’ਚ ਛੜੀ ਸਥਾਪਨਾ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ।
ਦੂਜੇ ਪਾਸੇ ਜੰਮੂ ਕੇ ਭਗਵਤੀ ਨਗਰ ਬੇਸ ਕੈਂਪ ’ਚੋਂ ਅੱਜ 3500 ਸ਼ਰਧਾਲੂਆਂ ਦਾ ਨਵਾਂ ਜਥਾ ਅਮਰਨਾਥ ਗੁਫਾ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 22ਵੇਂ ਜਥੇ ’ਚ 2704 ਪੁਰਸ਼, 675 ਮਹਿਲਾਵਾਂ, 12 ਬੱਚੇ ਤੇ 109 ਸਾਧੂ ਤੇ ਸਾਧਵੀਆਂ ਸ਼ਾਮਲ ਹਨ। ਇਹ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਇਆ।