ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਵਿਚੋਂ 11, 820 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ, ਜਿਸ ਕਾਰਨ ਰੁਪਏ ਦੀ ਕੀਮਤ ਤੇਜ਼ੀ ਨਾਲ ਘਟੀ ਹੈ।
ਨਵੰਬਰ ਵਿੱਚ 3,765 ਕਰੋੜ ਰਪੁਏ ਦੀ ਨਿਕਾਸੀ ਬਾਅਦ ਸ਼ੇਅਰਾਂ ਦੀ ਬਿਕਵਾਲੀ ਵਿੱਚ ਤੇਜ਼ੀ ਆਈ ਹੈ। ਇਸ ਦਾ ਬਾਜ਼ਾਰ ’ਤੇ ਦਬਾਅ ਵਧਿਆ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਵਿੱਚ 14,610 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜਿਸ ਨਾਲ ਤਿੰਨ ਮਹੀਨਿਆਂ ਤੋਂ ਬਾਜ਼ਾਰ ਵਿਚੋਂ ਪੈਸਾ ਕਢਵਾਉਣ ਦਾ ਸਿਲਸਿਲਾ ਟੁੱਟਿਆ ਸੀ। ਸਤੰਬਰ ਵਿੱਚ 23,885 ਕਰੋੜ, ਅਗਸਤ ਵਿੱਚ 34,990 ਕਰੋੜ ਅਤੇ ਜੁਲਾਈ ਵਿੱਚ 17, 700 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ।
ਐੱਨ ਐੱਸ ਡੀ ਐੱਲ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 11,820 ਕਰੋੜ ਰੁਪਏ ਕਢਵਾਏ। ਇਸ ਨਾਲ 2025 ਵਿੱਚ ਕੁਲ ਨਿਕਾਸੀ 1.55 ਲੱਖ ਕਰੋੜ ਰੁਪਏ ਹੋ ਗਈ ਹੈ। ਮਾਹਿਰਾਂ ਅਨੁਸਾਰ ਤਾਜ਼ਾ ਨਿਕਾਸੀ ਦਾ ਮੁੱਖ ਕਾਰਨ ਰੁਪਏ ਦਾ ਤੇਜ਼ੀ ਨਾਲ ਡਿੱਗਣਾ ਹੈ। ਜੀਓਜਿਤ ਇਨਵੈਸਟਮੈਂਟ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ ਕੇ ਵਿਜੈਕੁਮਾਰ ਨੇ ਕਿਹਾ ਕਿ ਇਸ ਵਰ੍ਹੇ ਰੁਪਈਆ ਪੰਜ ਫੀਸਦੀ ਕਮਜ਼ੋਰ ਹੋਇਆ, ਜਿਸ ਕਾਰਨ ਵਿਦੇਸ਼ੀ ਨਿਵੇਸ਼ਕ ਪੈਸੇ ਕੱਢ ਰਹੇ ਹਨ; ਘਰੇਲੂ ਨਿਵੇਸ਼ਕਾਂ ਕਾਰਨ ਬਾਜ਼ਾਰ ਨੂੰ ਕੁਝ ਤਾਕਤ ਮਿਲੀ ਹੈ। ਇਸ ਸਮੇਂ ਦੌਰਾਨ ਘੇਰਲੂ ਨਿਵੇਸ਼ਕਾਂ ਨੇ 19, 783 ਕਰੋਡ ਰੁਪਏ ਦੇ ਸ਼ੇਅਰ ਖਰੀਦੇ।

