ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚਾਰ ਘੰਟਿਆਂ ਤੱਕ ਇੰਦਰਾ ਗਾਂਧੀ ਦੀ ਜਾਨ ਬਚਾਉਣ ਦਾ ਕੀਤਾ ਗਿਆ ਸੀ ਵਿਖਾਵਾ

ਏਮਸ ਦੀ ਪਹਿਲੀ ਤੇ ਇੱਕੋ-ਇੱਕ ਮਹਿਲਾ ਡਾਇਰੈਕਟਰ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਨਾਲ ਸਬੰਧਤ ਜਾਣਕਾਰੀ ਕੀਤੀ ਸਾਂਝੀ; w ਪੁਸਤਕ ‘ਦਿ ਵਿਮੈਨ ਹੂ ਰਨ ਏਮਸ’ ਵਿੱਚ ਪ੍ਰਕਾਸ਼ਤ ਕੀਤੀਆਂ ਯਾਦਾਂ
Advertisement

ਆਦਿਤੀ ਟੰਡਨ

ਨਵੀਂ ਦਿੱਲੀ, 26 ਮਈ

Advertisement

ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਹੱਤਿਆ ਤੋਂ ਬਾਅਦ ਪਹਿਲੀ ਵਾਰ 31 ਅਕਤੂਬਰ 1984 ਦੇ ਘਟਨਾਕ੍ਰਮ ਦਾ ਵਿਸਤਾਰ ਨਾਲ ਵੇਰਵਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਨਵੀਂ ਦਿੱਲੀ ਦੀ ਪਹਿਲੀ ਤੇ ਇੱਕੋ-ਇੱਕ ਮਹਿਲਾ ਡਾਇਰੈਕਟਰ ਸਨੇਹ ਭਾਰਗਵ ਨੇ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ ’ਚ ਸਾਂਝਾ ਕੀਤਾ ਹੈ। ਜਗਰਨੌਟ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ‘ਦਿ ਵਿਮੈਨ ਹੂ ਰਨ ਏਮਸ’ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਵਿੱਚ ਹੁਣ ਤੱਕ ਲੁਕੀ ਜਾਣਕਾਰੀ ਸਾਹਮਣੇ ਲਿਆਂਦੀ ਗਈ ਹੈ ਕਿ 31 ਅਕਤੂਬਰ, 1984 ਨੂੰ ਜਦੋਂ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਗਈ ਸੀ ਅਤੇ ਉਨ੍ਹਾਂ ਨੂੰ ਏਮਸ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਤੋਂ ਲੈ ਕੇ ਉਨ੍ਹਾਂ ਦੀ ਦੇਹ ਨੂੰ ਸ਼ਰਧਾਂਜਲੀਆਂ ਲਈ ਤੀਨ ਮੂਰਤੀ ਭਵਨ ਲਿਜਾਣ ਤੱਕ ਕੀ-ਕੀ ਹੋਇਆ ਸੀ। 31 ਅਕਤੂਬਰ 1984 ਨੂੰ ਹੀ ਸਨੇਹ ਭਾਰਗਵ ਦਾ ਏਮਸ ਦੇ ਡਾਇਰੈਕਟਰ ਵਜੋਂ ਪਹਿਲਾ ਦਿਨ ਸੀ। ਇੰਦਰਾ ਗਾਂਧੀ ਨੇ ਹੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਸੀ। ਫਿਰੋਜ਼ਪੁਰ ’ਚ ਜਨਮੀ ਭਾਰਗਵ ਉਸ ਦਿਨ ਨੂੰ ਯਾਦ ਕਰਦੇ ਹਨ, ‘ਮੈਂ ਅਧਿਕਾਰਤ ਤੌਰ ’ਤੇ ਕਾਰਜਭਾਰ ਵੀ ਨਹੀਂ ਸੰਭਾਲਿਆ ਸੀ। ਉਸ ਦਿਨ ਸਵੇਰੇ 9 ਵਜੇ ਮੇਰੀ ਨਿਯੁਕਤੀ ਦੀ ਪੁਸ਼ਟੀ ਲਈ ਪ੍ਰੋਫਾਰਮਾ ਮੀਟਿੰਗ ਚੱਲ ਰਹੀ ਸੀ ਕਿ ਰੇਡੀਓਗ੍ਰਾਫਰ ਦਰਵਾਜ਼ੇ ਅੰਦਰ ਦਾਖਲ ਹੋਇਆ ਤੇ ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗੰਭੀਰ ਜ਼ਖ਼ਮੀ ਹੋ ਗਏ ਹਨ। ਸਾਰੇ ਪਾਸੇ ਭਗਦੜ ਮਚ ਗਈ।’ ਇੰਦਰਾ ਗਾਂਧੀ ਨੇ ਜਦੋਂ ਕਈ ਪੁਰਸ਼ ਦਾਅਵੇਦਾਰਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਸੀ ਤਾਂ ਉਸ ਸਮੇਂ ਉਹ ਏਮਸ ’ਚ ਰੇਡੀਓਲੋਜੀ ਵਿਭਾਗ ਦੇ ਮੁਖੀ ਸਨ।

ਸਨੇਹ ਭਾਰਗਵ, ਜੋ ਹੁਣ 94 ਸਾਲਾਂ ਦੇ ਹੋ ਚੁੱਕੇ ਹਨ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ 31 ਅਕਤੂਬਰ 1984 ਦੀਆਂ ਯਾਦਾਂ ਅੱਜ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ ਜਦੋਂ ਉਨ੍ਹਾਂ ਪਹਿਲੀ ਵਾਰ ਇੰਦਰਾ ਗਾਂਧੀ ਦੀ ਲਾਸ਼ ਏਮਸ ਦੇ ਐਮਰਜੈਂਸੀ ਵਿਭਾਗ ਦੇ ਸਟਰੈਚਰ ’ਤੇ ਦੇਖੀ। ਉਨ੍ਹਾਂ ਇਸ ਪੱਤਰਕਾਰ ਨੂੰ ਦੱਸਿਆ, ‘ਮੈਂ ਦੇਖਿਆ ਕਿ ਸਟਰੈਚਰ ’ਤੇ ਚਾਦਰ ਵੀ ਨਹੀਂ ਸੀ। ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰਕੇ ਧਵਨ ਤੇ ਸਲਾਹਕਾਰ ਐੱਮਐੱਲ ਫੋਤੇਦਾਰ ਰੋ ਰਹੇ ਸਨ।’ ਉਨ੍ਹਾਂ ਯਾਦ ਕੀਤਾ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਅੱਠਵੀਂ ਮੰਜ਼ਿਲ ’ਤੇ ਅਪਰੇਸ਼ਨ ਥੀਏਟਰ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਨੂੰਹ ਸੋਨੀਆ ਗਾਂਧੀ ਲਈ ਸੱਤਵੀਂ ਮੰਜ਼ਿਲ ’ਤੇ ਪ੍ਰਬੰਧ ਕੀਤੇ ਗਏ। ਕਿਤਾਬ ’ਚ ਅੱਗੇ ਦੱਸਿਆ ਗਿਆ ਹੈ ਕਿ, ‘ਸਾਨੂੰ ਦੱਸਿਆ ਗਿਆ ਕਿ ਸਾਨੂੰ ਉਨ੍ਹਾਂ ਦੀ ਮੌਤ ਦਾ ਐਲਾਨ ਉਦੋਂ ਤੱਕ ਟਾਲਣਾ ਪਵੇਗਾ ਜਦੋਂ ਤੱਕ ਕਿ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਹੋਰ ਲੋਕ ਦਿੱਲੀ ਨਹੀਂ ਆ ਜਾਂਦੇ। ਰਾਜੀਵ ਗਾਂਧੀ ਚੋਣ ਦੌਰੇ ’ਤੇ ਪੱਛਮੀ ਬੰਗਾਲ ’ਚ ਸਨ ਤੇ ਉਨ੍ਹਾਂ ਵਾਪਸ ਆਉਂਦੇ ਹੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣੀ ਸੀ। ਅਗਲੇ ਚਾਰ ਘੰਟਿਆਂ ਤੱਕ ਅਸੀਂ ਦਿਖਾਵਾ ਕਰਨਾ ਸੀ ਕਿ ਅਸੀਂ ਇੰਦਰਾ ਗਾਂਧੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਉਨ੍ਹਾਂ ਦੱਸਿਆ ਕਿ ਏਮਸ ’ਚ ਉਸ ਦਿਨ ਸਾਰੀਆਂ ਨਿਰਧਾਰਤ ਸਰਜਰੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਸੀਨੀਅਰ ਸਰਜਨ ਪੀ ਵੇਣੂਗੋਪਾਲ ਤੇ ਐੱਮਐੱਮ ਕਪੂਰ ਨੂੰ ਇੰਦਰਾ ਗਾਂਧੀ ਦੀ ਸੰਭਾਲ ਲਈ ਸੱਦਿਆ ਗਿਆ ਜਿਨ੍ਹਾਂ ਦੇ ਸਰੀਰ ’ਚ 33 ਗੋਲੀਆਂ ਲੱਗੀਆਂ ਸਨ।

ਉਨ੍ਹਾਂ ਦੱਸਿਆ, ‘ਅਸੀਂ ‘ਬੀ ਨੈਗੇਟਿਵ’ ਖੂਨ ਜੋ ਬਹੁਤ ਦੁਰਲੱਭ ਹੈ, ਦੇ ਬੰਦੋਬਸਤ ਲਈ ਭੱਜ ਨੱਠ ਕਰਨ ਲੱਗੇ ਅਤੇ ਬਾਅਦ ਵਿੱਚ ‘ਓ ਨੈਗੇਟਿਵ’ ਖੂਨ ਦਾ ਪ੍ਰਬੰਧ ਕੀਤਾ।’ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਸਰੀਰ ’ਚੋਂ ਗੋਲੀਆਂ ਨਿਕਲਦੀਆਂ ਰਹੀਆਂ ਜਦਕਿ ਸਰਜਨ ਖੂਨ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਦਿਲ ਤੇ ਫੇਫੜਿਆਂ ਦੀ ਮਸ਼ੀਨ ਚਲਾਉਣ ਵਾਲਾ ਸਿੱਖ ਆਪਰੇਟਰ ਅਪਰੇਸ਼ਨ ਥੀਏਟਰ ਤੋਂ ਚਲਾ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਨੇ ਗੋਲੀ ਮਾਰੀ ਹੈ। ਦੂਜੇ ਤਕਨੀਸ਼ੀਅਨ ਦਾ ਬੰਦੋਬਸਤ ਕੀਤਾ ਗਿਆ। ਭਾਰਗਵ ਨੇ ਦੱਸਿਆ ਕਿ ਇਸੇ ਦਰਮਿਆਨ ਸੋਨੀਆ ਗਾਂਧੀ ਨੂੰ ਦਮੇ ਦਾ ਦੌਰਾ ਪੈ ਗਿਆ ਤੇ ਡਾ. ਕੇਪੀ ਮਾਥੁਰ ਨੂੰ ਉਨ੍ਹਾਂ ਦੀ ਸੰਭਾਲ ਲਈ ਸੱਦਿਆ ਗਿਆ।

ਇੰਦਰਾ ਗਾਂਧੀ ਦੀ ਲਾਸ਼ ਏਮਸ ਤੋਂ ਤੀਨ ਮੂਰਤੀ ਭਵਨ ਲਿਜਾਣ ਬਾਰੇ ਉਨ੍ਹਾਂ ਦੱਸਿਆ ਕਿ ਲਾਸ਼ ਦੀ ਸਾਂਭ ਸੰਭਾਲ ਵਾਲਾ ਰਸਾਇਣ ਜੋ ਟੀਕਿਆਂ ਨਾਲ ਉਨ੍ਹਾਂ ਦੀਆਂ ਰਗਾਂ ’ਚ ਪਾਇਆ ਗਿਆ ਸੀ, ਬਾਹਰ ਰਿਸਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਵਿਸ਼ੇਸ਼ ਸਾਮਾਨ ਦੀ ਵਰਤੋਂ ਕਰਕੇ ਇੰਦਰਾ ਗਾਂਧੀ ਦੇ ਸਿਰਫ਼ ਚਿਹਰੇ ਵੱਲ ਧਿਆਨ ਦਿੱਤਾ।

ਏਮਸ ਦੇ ਸਿੱਖ ਅਮਲੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਚਾਇਆ

ਸਨੇਹ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਏਮਸ ਦੇ ਦੋ ਸਿੱਖ ਮੁਲਾਜ਼ਮ ਤੇ ਇੱਕ ਤਕਨੀਸ਼ੀਅਨ ਤੇ ਉਨ੍ਹਾਂ ਦੇ ਪਰਿਵਾਰ ਖੂਨੀ ਦੰਗਿਆਂ ਦੌਰਾਨ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ, ‘ਮੈਂ ਦਿੱਲੀ ਪੁਲੀਸ ਦੇ ਮੁਖੀ ਨਾਲ ਗੱਲ ਕੀਤੀ ਅਤੇ ਏਮਸ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ। ਉਨ੍ਹਾਂ ਨੂੰ ਏਮਸ ਦੇ ਗੈਸਟ ਹਾਊਸ ’ਚ ਰੱਖਿਆ ਗਿਆ। ਇਸ ਨਾਲ ਇਹ ਯਕੀਨੀ ਹੋਇਆ ਕਿ ਸਾਡੇ ਸਾਰੇ ਸਿੱਖ ਮੈਂਬਰ ਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਹਨ।’ ਉਨ੍ਹਾਂ ਕਿਹਾ, ‘ਮੈਂ ਉਦੋਂ ਖੁਦ ਨੂੰ ਪੁੱਛਿਆ ਤੇ ਅੱਜ ਵੀ ਪੁੱਛਦੀ ਹਾਂ, ਅਸੀਂ ਧਰਮ ਦੇ ਆਧਾਰ ’ਤੇ ਕਿਉਂ ਲੜ ਰਹੇ ਹਾਂ? ਕੀ ਅਸੀਂ ਇਕੱਠੇ ਨਹੀਂ ਰਹਿ ਸਕਦੇ?’

Advertisement