ਉੱਤਰੀ ਬੰਗਾਲ ’ਚ ਹੜ੍ਹ ‘ਮਨੁੱਖ ਵੱਲੋਂ ਸਹੇੜੀ’ ਮੁਸੀਬਤ; ਝਾਰਖੰਡ ਨੂੰ ਬਚਾਉਣ ਲਈ ਡੀਵੀਸੀ ਨੇ ਵਾਧੂ ਪਾਣੀ ਛੱਡਿਆ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਉੱਤਰੀ ਬੰਗਾਲ ਵਿੱਚ ਆਏ ਹੜ੍ਹਾਂ ਅਤੇ ਇਸ ਕਾਰਨ ਹੋਈ ਤਬਾਹੀ ਨੂੰ ‘ਮਨੁੱਖ ਵੱਲੋਂ ਸਹੇੜੀ’ ਮੁਸੀਬਤ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਡੀਵੀਸੀ ਨੇ ਝਾਰਖੰਡ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਾਧੂ ਪਾਣੀ...
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਉੱਤਰੀ ਬੰਗਾਲ ਵਿੱਚ ਆਏ ਹੜ੍ਹਾਂ ਅਤੇ ਇਸ ਕਾਰਨ ਹੋਈ ਤਬਾਹੀ ਨੂੰ ‘ਮਨੁੱਖ ਵੱਲੋਂ ਸਹੇੜੀ’ ਮੁਸੀਬਤ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਡੀਵੀਸੀ ਨੇ ਝਾਰਖੰਡ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਾਧੂ ਪਾਣੀ ਛੱਡਿਆ, ਜਿਸ ਕਾਰਨ ਰਾਜ ਦੇ ਦੱਖਣੀ ਹਿੱਸਿਆਂ ਵਿੱਚ ਨਦੀਆਂ ਭਰ ਗਈਆਂ। ਬੈਨਰਜੀ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਰਕੇ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਹੋਮਗਾਰਡ ਦੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਹੁਣ ਤੱਕ ਉੱਤਰੀ ਬੰਗਾਲ ਵਿੱਚ ਹੜ੍ਹਾਂ ਵਿੱਚ 23 ਮੌਤਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਖੇਤਰ ਵਿੱਚ ਸ਼ਨਿੱਚਰਵਾਰ ਰਾਤ ਤੋਂ ਐਤਵਾਰ ਤੜਕੇ ਤੱਕ 12 ਘੰਟਿਆਂ ਦੀ ਮਿਆਦ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ।’’ ਮੁੱਖ ਮੰਤਰੀ ਉੱਤਰੀ ਬੰਗਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਲਈ ਬਾਗਡੋਗਰਾ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 48 ਘੰਟਿਆਂ ਤੋਂ ਰਾਜ ਦੇ ਉੱਪਰੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਦਾਰਜੀਲਿੰਗ, ਕਲੀਮਪੋਂਗ, ਜਲਪਾਈਗੁੜੀ, ਅਲੀਪੁਰਦੁਆਰ ਅਤੇ ਕੂਚ ਬਿਹਾਰ ਜ਼ਿਲ੍ਹਿਆਂ ਵਿੱਚ ਵਿਆਪਕ ਹੜ੍ਹ ਆ ਗਿਆ ਹੈ।
ਉਨ੍ਹਾਂ ਕਿਹਾ ਕਿ Dooars ਦਾ ਨਗਰਾਕਾਟਾ ਖੇਤਰ ਅਤੇ ਦਾਰਜੀਲਿੰਗ ਦਾ ਮਿਰਿਕ ਖੇਤਰ ਜ਼ਮੀਨ ਖਿਸਕਣ ਅਤੇ ਰਿਹਾਇਸ਼ੀ ਘਰਾਂ ਦੇ ਰੁੜ੍ਹ ਜਾਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਨੇ ਦੋਸ਼ ਲਾਇਆ, ‘‘ਡੀਵੀਸੀ ਆਪਣੀ ਇੱਛਾ ਅਨੁਸਾਰ ਪਾਣੀ ਛੱਡ ਰਿਹਾ ਹੈ। ਮੈਥਨ ਅਤੇ ਪੰਚੇਤ ਜਲ ਭੰਡਾਰਾਂ ਦੀ ਸਫ਼ਾਈ ਨਾ ਹੋਣ ਕਾਰਨ ਇਸ ਦੀ ਪਾਣੀ ਸੰਭਾਲਣ ਦੀ ਸਮਰੱਥਾ ਕਾਫ਼ੀ ਘੱਟ ਗਈ ਹੈ। ਡੀਵੀਸੀ ਝਾਰਖੰਡ ਨੂੰ ਹੜ੍ਹਾਂ ਤੋਂ ਬਚਾਉਣ ਲਈ ਅਜਿਹਾ ਕਰ ਰਿਹਾ ਹੈ, ਅਤੇ ਇਸ ਦਾ ਨੁਕਸਾਨ ਬੰਗਾਲ ਨੂੰ ਝੱਲਣਾ ਪੈ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਉੱਤਰੀ ਬੰਗਾਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਸੇ ਸੈਲਾਨੀਆਂ ਨੂੰ ਵਾਪਸ ਲਿਆਉਣ ਲਈ 45 ਬੱਸਾਂ ਦਾ ਪ੍ਰਬੰਧ ਕੀਤਾ ਹੈ। ਬੈਨਰਜੀ ਨੇ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਨੇ ਹੜ੍ਹ ਰਾਹਤ ਉਪਾਵਾਂ ਲਈ ਫੰਡ ਮੁਹੱਈਆ ਨਹੀਂ ਕਰਵਾਏ ਹਨ, ਅਤੇ ਰਾਜ ਸਰਕਾਰ ‘ਕਿਸੇ ਤਰ੍ਹਾਂ’ ਆਪਣੇ ਆਪ ਹਾਲਾਤ ਨਾਲ ਸਿੱਝਣ ਲਈ ਪ੍ਰਬੰਧ ਕਰ ਰਹੀ ਹੈ।