ਹੜ੍ਹਾਂ ਦਾ ਖ਼ਤਰਾ ਟਲਿਆ, ਭਾਰੀ ਮੀਂਹ ਨੇ ਫ਼ਸਲ ਝੰਬੀ
ਪੌਂਗ ਡੈਮ ਦੇ ਫਲੱਡ ਗੇਟ ਬੰਦ ਕੀਤੇ,ਝੋਨੇ ਦੀ ਫ਼ਸਲ ਦੀ ਗੁਣਵੱਤਾ ਦਾਅ ’ਤੇ ਲੱਗੀ
ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਉਲਟ ਪੰਜਾਬ ’ਚ ਹੁਣ ਹੜ੍ਹਾਂ ਦਾ ਖ਼ਤਰਾ ਟਲ ਗਿਆ ਜਾਪਦਾ ਹੈ ਪ੍ਰੰਤੂ ਸੂਬੇ ’ਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਡੈਮਾਂ ਦੇ ਖੇਤਰ ’ਚ ਅੱਜ ਦੂਸਰੇ ਦਿਨ ਵੀ ਮੌਸਮ ਵਿਭਾਗ ਦੇ ਅਨੁਮਾਨਾਂ ਅਨੁਸਾਰ ਬਾਰਸ਼ ਨਹੀਂ ਹੋਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹੜ੍ਹਾਂ ਦਾ ਖ਼ਤਰਾ ਟਲਣ ਮਗਰੋਂ ਅੱਜ ਸ਼ਾਮ ਛੇ ਵਜੇ ਪੌਂਗ ਡੈਮ ਦੇ ਫਲੱਡ ਗੇਟ ਬੰਦ ਕਰ ਦਿੱਤੇ। ਪੌਂਗ ਡੈਮ ’ਚੋਂ ਬਿਆਸ ਦਰਿਆ ’ਚ ਸਵੇਰੇ ਦਸ ਵਜੇ ਤੱਕ 50,011 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਘੱਟ ਕੇ ਹੁਣ ਕਰੀਬ 17 ਹਜ਼ਾਰ ਕਿਊਸਕ ਰਹਿ ਗਿਆ ਹੈ। ਬੀਤੇ ਦਿਨੀਂ ਰਣਜੀਤ ਸਾਗਰ ਡੈਮ ’ਚੋਂ ਰਾਵੀ ਦਰਿਆ ’ਚ ਪਾਣੀ ਛੱਡਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਵੇਲੇ ਸਿਰਫ਼ ਭਾਖੜਾ ਡੈਮ ’ਚੋਂ 31 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਹਰੀਕੇ ਅਤੇ ਹੁਸੈਨੀਵਾਲਾ ਵਿਖੇ ਦਰਿਆ ’ਚ ਪਾਣੀ ਮੁੜ 92 ਹਜ਼ਾਰ ਕਿਊਸਕ ਨੂੰ ਪਾਰ ਕਰ ਗਿਆ ਹੈ ਜਿਸ ਕਰਕੇ ਕਈ ਪਿੰਡਾਂ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਮੌਸਮ ਵਿਭਾਗ ਨੇ 6 ਤੋਂ 8 ਅਕਤੂਬਰ ਤੱਕ ਡੈਮਾਂ ਦੇ ਖੇਤਰ ’ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ ਪ੍ਰੰਤੂ 6 ਅਤੇ 7 ਅਕਤੂਬਰ ਨੂੰ ਇਹ ਅਨੁਮਾਨ ਹਕੀਕਤ ਨਹੀਂ ਬਣ ਸਕੇ।
ਮੌਸਮ ਵਿਭਾਗ ਦੀ ਚਿਤਾਵਨੀ ਦੇ ਡਰੋਂ ਡੈਮਾਂ ਨੂੰ ਕਈ ਦਿਨਾਂ ਤੋਂ ਖ਼ਾਲੀ ਕੀਤਾ ਜਾ ਰਿਹਾ ਸੀ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਭੰਡਾਰ ਕੀਤਾ ਜਾ ਸਕੇ। ਉੱਤਰੀ ਜੰਮੂ ’ਚ ਅੱਜ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਮੀਂਹ ਨਹੀਂ ਪਿਆ। ਦੂਜੇ ਪਾਸੇ ਪੰਜਾਬ ’ਚ ਅੱਜ ਸਵੇਰ ਤੋਂ ਹੀ ਬਾਰਸ਼ ਹੋ ਰਹੀ ਹੈ ਜਿਸ ਨੇ ਭਾਰੀ ਨੁਕਸਾਨ ਵੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ’ਚ ਪਟਿਆਲਾ ਜ਼ਿਲ੍ਹੇ ’ਚ ਸਭ ਤੋਂ ਵੱਧ 50 ਮਿਲੀਮੀਟਰ, ਮੁਹਾਲੀ ’ਚ 48, ਲੁਧਿਆਣਾ ’ਚ 31, ਅੰਮ੍ਰਿਤਸਰ ’ਚ 20.6, ਪਠਾਨਕੋਟ ’ਚ 19, ਬਠਿੰਡਾ ’ਚ 20.6, ਰੋਪੜ ’ਚ 36.5 ਅਤੇ ਗੁਰਦਾਸਪੁਰ ’ਚ 16.7 ਮਿਲੀਮੀਟਰ ਮੀਂਹ ਪਿਆ ਹੈ। ਫ਼ਤਿਹਗੜ੍ਹ ਸਾਹਿਬ, ਮੋਗਾ, ਹੁਸ਼ਿਆਰਪੁਰ ਅਤੇ ਕਪੂਰਥਲਾ ’ਚ ਵੀ ਮੀਂਹ ਪਏ ਹਨ। ਬਾਰਸ਼ ਕਾਰਨ ਸੂਬੇ ’ਚ ਤਾਪਮਾਨ 10.6 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਭਲਕੇ ਬੁੱਧਵਾਰ ਨੂੰ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੀਂਹ ਨੇ ਝੋਨੇ ਦੀ ਪੱਕੀ ਹੋਈ ਫ਼ਸਲ ਨੂੰ ਢਾਹ ਲਗਾ ਦਿੱਤੀ ਹੈ। ਝੋਨੇ ਦੀ ਵਾਢੀ ਹੋਰ ਪੱਛੜਨ ਅਤੇ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਮੰਡੀਆਂ ’ਚ ਕਿਸਾਨਾਂ ਨੂੰ ਖੱਜਲ ਹੋਣਾ ਪੈ ਸਕਦਾ ਹੈ। ਮੀਂਹ ਕਾਰਨ ਅੱਜ ਮੰਡੀਆਂ ’ਚ ਆਈ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਝੋਨੇ ਦੀ ਕਰੀਬ ਪੰਜ ਲੱਖ ਏਕੜ ਫ਼ਸਲ ਪਹਿਲਾਂ ਹੀ ਹੜ੍ਹਾਂ ’ਚ ਨੁਕਸਾਨੀ ਜਾ ਚੁੱਕੀ ਹੈ। ਉਪਰੋਂ ਚੀਨੀ ਵਾਇਰਸ ਦਾ ਹਮਲਾ ਵੀ ਝੋਨੇ ਨੂੰ ਸੱਟ ਮਾਰਨ ਵਾਲਾ ਰਿਹਾ ਹੈ। ਪੰਜਾਬ ਦੀਆਂ ਕੁੱਲ 1822 ’ਚੋਂ ਕਰੀਬ 738 ਮੰਡੀਆਂ ’ਚ ਝੋਨੇ ਦੀ ਫ਼ਸਲ ਆ ਚੁੱਕੀ ਹੈ। 6 ਅਕਤੂਬਰ ਤੱਕ ਮੰਡੀਆਂ ’ਚ 8.27 ਲੱਖ ਮੀਟਰਿਕ ਟਨ ਫ਼ਸਲ ਆਈ ਹੈ ਜਿਸ ’ਚੋਂ 4.84 ਲੱਖ ਮੀਟਰਿਕ ਟਨ ਦੀ ਚੁਕਾਈ ਹੋਣੀ ਬਾਕੀ ਹੈ। ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਘਟੇਗੀ ਅਤੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦੇ ਮਿੱਥੇ ਟੀਚੇ ਵੀ ਪ੍ਰਭਾਵਿਤ ਹੋਣਗੇ।