DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

punjab news: ਜ਼ਿਲ੍ਹਾ ਪਠਾਨਕੋਟ ’ਚ ਹੜ੍ਹ ਵਾਲੇ ਹਾਲਾਤ ਬਣੇ; ਪ੍ਰਸ਼ਾਸਨ ਨੇ ਪਠਾਨਕੋਟ ਦੇ ਚੱਕੀ ਪੁਲ ਤੋਂ ਆਵਾਜਾਈ ਬੰਦ ਕੀਤੀ

ਮਾਧੋਪੁਰ-ਕਠੂਆ ਮਾਰਗ ਉਪਰ ਨਾ ਜਾਣ ਦੀ ਦਿੱਤੀ ਸਲਾਹ; ਰਣਜੀਤ ਸਾਗਰ ਡੈਮ ਦੀ ਝੀਲ ’ਚ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ, ਫਲੱਡ ਗੇਟ ਕਿਸੇ ਵੇਲੇ ਵੀ ਖੋਲ੍ਹਣ ਦੀ ਸੰਭਾਵਨਾ

  • fb
  • twitter
  • whatsapp
  • whatsapp
featured-img featured-img
ਚੱਕੀ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਰੁੜ੍ਹੀ ਪਠਾਨਕੋਟ ਸਿਵਲ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਦਾ ਦ੍ਰਿਸ਼। -ਫੋਟੋ:ਐਨ.ਪੀ. ਧਵਨ
Advertisement
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਖੇਤਰ ਵਿੱਚ ਹੋ ਰਹੀ ਭਾਰੀ ਬਰਸਾਤ ਨਾਲ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਪੈਂਦੇ ਜਲਾਲੀਆ ਦਰਿਆ ਤੇ ਉਝ ਦਰਿਆ, ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਅਤੇ ਖੱਡਾਂ ਵਿੱਚ ਅੱਜ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ। ਜਿਸ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ। 
ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਨੂੰ ਲੱਗੇ ਖੋਰੇ ਦਾ ਦ੍ਰਿਸ਼।-ਫੋਟੋ:ਐਨ.ਪੀ. ਧਵਨ
ਪੰਗੋਲੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਨਾਲ ਕੋਠੇ ਮਨਵਾਲ ਪਿੰਡ ਵਿੱਚ ਖੱਡ ਕਿਨਾਰੇ ਬਣੀ ਹੋਈ ਇੱਕ 2 ਮੰਜ਼ਿਲਾ ਕੋਠੀ ਢਹਿ ਢੇਰੀ ਹੋ ਗਈ ਅਤੇ ਪਾਣੀ ਪੰਗੋਲੀ ਪਿੰਡ ਦੇ ਘਰਾਂ ਵਿੱਚ ਵੀ ਵੜ ਗਿਆ। ਜਿਸ ਨਾਲ ਪਿੰਡ ਵਾਸੀਆਂ ਨੇ ਡਿਫੈਂਸ ਰੋਡ ਤੇ ਆ ਕੇ ਪ੍ਰਸ਼ਾਸਨ ਖਿਲਾਫ ਭਾਰੀ ਗੁੱਸਾ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ ਪਰ ਅਧਿਕਾਰੀਆਂ ਅਤੇ ਪੁਲੀਸ ਨੇ ਜਾ ਕੇ ਉਨ੍ਹਾਂ ਨੂੰ ਭਰੋਸਾ ਦੇ ਕੇ ਸ਼ਾਂਤ ਕੀਤਾ। ਪਿੰਡ ਜੈਨੀ ਉਪਰਲਾ ਵਿੱਚ ਇੱਕ ਸੂਆ ਟੁੱਟ ਗਿਆ ਅਤੇ ਉਸ ਦਾ ਪਾਣੀ ਪਿੰਡ ਦੇ ਘਰਾਂ ਵਿੱਚ ਆ ਵੜਿਆ ਜਿਸ ਕਾਰਨ ਪਿੰਡ ਵਾਸੀ ਸਾਰਾ ਦਿਨ ਆਪਣੇ ਘਰਾਂ ਵਿੱਚੋਂ ਬਾਲਟੀਆਂ ਪਾਣੀ ਬਾਹਰ ਕੱਢਣ ਵਿੱਚ ਲੱਗੇ ਰਹੇ। 
ਪਠਾਨਕੋਟ-ਡਲਹੌਜ਼ੀ-ਚੰਬਾ ਮਾਰਗ ਪੂਰੀ ਤਰ੍ਹਾਂ ਕਈ ਥਾਵਾਂ ਤੋਂ ਢਿੱਗਾਂ ਡਿੱਗਣ ਨਾਲ ਬੰਦ ਹੋ ਗਿਆ ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਮਾਰਗ ਉਪਰ ਭਾਰੀ ਗਿਣਤੀ ਵਿੱਚ ਦਰਖਤ ਵੀ ਡਿੱਗ ਗਏ ਹਨ। ਇਸੇ ਤਰ੍ਹਾਂ ਧਾਰ ਬਲਾਕ ਅੰਦਰ ਫਰਸ਼ੀ ਖੱਡ ਵਿੱਚ ਪਾਣੀ ਆ ਜਾਣ ਨਾਲ ਕਈ ਲਿੰਕ ਸੜਕਾਂ ਪ੍ਰਭਾਵਿਤ ਹੋ ਗਈਆਂ ਅਤੇ ਪਾਣੀ ਸੜਕਾਂ ਦੇ ਉਪਰੋਂ ਲੰਘਦਾ ਰਿਹਾ। ਦੁਖਨਿਆਲੀ ਵਿਖੇ ਢਿੱਗਾਂ ਡਿੱਗਣ ਨਾਲ ਦੁਨੇਰਾ ਤੋਂ ਬਸੋਹਲੀ ਨੂੰ ਜਾਣ ਵਾਲਾ ਮਾਰਗ ਬੰਦ ਹੋ ਗਿਆ ਤੇ ਕਾਫੀ ਸਮਾਂ ਟ੍ਰੈਫਿਕ ਪ੍ਰਭਾਵਿਤ ਰਿਹਾ। ਅਖੀਰ ਸੜਕ ਸੁਰੱਖਿਆ ਸੰਗਠਨ ਵੱਲੋਂ ਜੇਸੀਬੀ ਲਗਾ ਕੇ ਢਿੱਗਾਂ ਨੂੰ ਹਟਾ ਕੇ 3 ਘੰਟੇ ਬਾਅਦ ਟ੍ਰੈਫਿਕ ਨੂੰ ਬਹਾਲ ਕਰਵਾਇਆ। ਸਰਹੱਦੀ ਖੇਤਰ ਦੇ ਜਲਾਲੀਆ ਦਰਿਆ ਵਿੱਚ ਹੜ੍ਹ ਦਾ ਪਾਣੀ ਆ ਜਾਣ ਨਾਲ ਮਨਵਾਲ ਮੰਗਵਾਲ ਮੋੜ ਤੇ ਬਮਿਆਲ ਨੂੰ ਜਾਣ ਵਾਲੀ ਸੜਕ ਦਾ 40 ਫੁੱਟ ਕਰੀਬ ਟੋਟਾ ਰੁੜ੍ਹ ਗਿਆ ਅਤੇ ਪਠਾਨਕੋਟ ਤੋਂ ਬਮਿਆਲ ਨੂੰ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ।
ਉਝ ਦਰਿਆ ਨੇ ਵੀ ਕਾਫੀ ਤਬਾਹੀ ਮਚਾਈ। ਜਦ ਕਿ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਜੰਮੂ-ਜਲੰਧਰ ਵਾਲਾ ਪਠਾਨਕੋਟ ਸਥਿਤ ਰੇਲਵੇ ਪੁਲ ਪੂਰੀ ਤਰ੍ਹਾਂ ਖਤਰੇ ਵਿੱਚ ਆ ਚੁੱਕਾ ਹੈ। ਇਸ ਦੇ ਨਜ਼ਦੀਕ ਹੀ ਚੱਕੀ ਦਰਿਆ ਕਿਨਾਰੇ ਪੈਂਦੇ ਸੈਲੀ ਕੁੱਲੀਆਂ (ਭਦਰੋਆ) ਦੀ ਆਬਾਦੀ ਦੇ ਦਰਜਨ ਤੋਂ ਵੱਧ ਘਰਾਂ ਨੂੰ ਨਗਰ ਨਿਗਮ ਪਠਾਨਕੋਟ ਦੇ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਤੇ ਘਰਾਂ ਦੇ ਵਾਸੀ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਇਸੇ ਹੀ ਦਰਿਆ ਦੇ ਪਾਣੀ ਨੇ ਏਅਰਫੋਰਸ ਨੂੰ ਜਾਣ ਵਾਲਾ ਰਸਤਾ ਵੀ ਰੁੜ੍ਹ ਜਾਣ ਨਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਦਾ ਕੁੱਝ ਹਿੱਸਾ ਵੀ ਪਾਣੀ ਭੇਂਟ ਚੜ੍ਹ ਗਿਆ।

ਪੁਲੀਸ ਪ੍ਰਸ਼ਾਸਨ ਨੇ ਪਠਾਨਕੋਟ ਦੇ ਚੱਕੀ ਦਰਿਆ ਉਪਰ ਬਣੇ ਸੜਕ ਮਾਰਗੀ ਪੁਲ ਤੋਂ ਇਤਿਆਹਤ ਵੱਜੋਂ ਟ੍ਰੈਫਿਕ ਨੂੰ ਲੰਘਣ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਟ੍ਰੈਫਿਕ ਹੁਣ ਹਿਮਾਚਲ ਦੇ ਲੋਧਵਾਂ ਦੀ ਤਰਫੋਂ ਲੰਘਾਉਣਾ ਸ਼ੁਰੂ ਕਰ ਦਿੱਤਾ ਹੈ। ਬਿਆਸ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਨੌਸ਼ਹਿਰਾ ਨਲਬੰਦਾ ਕੋਲ ਵੀ ਲੋਕ ਬਹੁਤ ਸਹਿਮ ਗਏ ਅਤੇ ਸੁਰੱਖਿਅਤ ਥਾਵਾਂ ਤੇ ਚਲੇ ਗਏ। ਜ਼ਿਕਰਯੋਗ ਹੈ ਕਿ ਉਝ ਦਰਿਆ ਅੰਦਰ ਅੱਜ ਪਾਣੀ 1 ਲੱਖ 58 ਹਜ਼ਾਰ ਕਿਊਸਿਕ ਦੇ ਕਰੀਬ ਚੱਲਿਆ ਜਦਕਿ ਜਲਾਲੀਆ ਅੰਦਰ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆਇਆ ਤੇ ਚੱਕੀ ਦਰਿਆ ਅੰਦਰ ਹੁਣ ਤੱਕ ਦਾ ਸਭ ਤੋਂ ਵੱਧ 1 ਲੱਖ 18 ਹਜ਼ਾਰ ਕਿਊਸਿਕ ਪਾਣੀ ਆਇਆ। ਬਿਆਸ ਦਰਿਆ ਅੰਦਰ ਨੌਸ਼ਹਿਰਾ ਕੋਲ 1 ਲੱਖ 4 ਹਜ਼ਾਰ ਕਿਊਸਿਕ ਪਾਣੀ ਆਇਆ।

ਇਸ ਦੇ ਇਲਾਵਾ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਿਮਾਚਲ ਦੇ ਚਮੇਰਾ ਪ੍ਰਾਜੈਕਟ ਦੀ ਤਰਫੋਂ ਭਾਰੀ ਮਾਤਰਾ ਵਿੱਚ ਤੇਜ਼ੀ ਨਾਲ ਪਾਣੀ ਦੀ ਆਮਦ ਹੋਣ ਨਾਲ ਇੱਕ ਦਿਨ ਵਿੱਚ ਹੀ ਸਾਢੇ 22 ਕਿਲੋਮੀਟਰ ਲੰਬਾਈ ਵਾਲੀ ਝੀਲ ਵਿੱਚ ਪਾਣੀ ਦਾ ਪੱਧਰ ਪੌਣੇ 2 ਮੀਟਰ ਤੋਂ ਵੱਧ ਵਧ ਗਿਆ। ਅੱਜ ਸ਼ਾਮ ਨੂੰ ਝੀਲ ਦਾ ਪੱਧਰ 526.156 ਮੀਟਰ ਤੱਕ ਪੁੱਜ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 1.75 ਮੀਟਰ ਹੇਠਾਂ ਹੈ। ਜੇਕਰ ਇਸੇ ਤਰ੍ਹਾਂ ਪਾਣੀ ਦੀ ਆਮਦ ਹੁੰਦੀ ਰਹੀ ਤਾਂ ਕਿਸੇ ਵੀ ਸਮੇਂ ਡੈਮ ਦੇ ਸਪਿੱਲ ਵੇਅ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਡੈਮ ਪ੍ਰਸ਼ਾਸਨ ਨੇ ਸਾਇਰਨ ਵਜਾ ਕੇ ਲੋਕਾਂ ਨੂੰ ਚੌਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਡੈਮ ਦੇ ਐਕਸੀਅਨ ਗਗਨਦੀਪ ਨੇ ਦੱਸਿਆ ਕਿ ਡੈਮ ਦੇ ਉਪਰ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਤੋਂ ਰੇਡੀਅਲ ਗੇਟ ਖੋਲ੍ਹ ਕੇ 80 ਹਜ਼ਾਰ 219 ਕਿਊਸਿਕ ਪਾਣੀ ਝੀਲ ਦੀ ਤਰਫ ਭੇਜਿਆ ਜਾ ਰਿਹਾ ਹੈ। ਇਸ ਕਰਕੇ ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਉਤਪਾਦਨ ਪੈਦਾ ਕੀਤਾ ਜਾ ਰਿਹਾ ਹੈ ਅਤੇ 20 ਹਜ਼ਾਰ 334 ਕਿਊਸਿਕ ਪਾਣੀ ਹੀ ਹੇਠਾਂ ਦੀ ਤਰਫ ਮਾਧੋਪੁਰ ਹੈਡਵਰਕਸ ਵੱਲ ਛੱਡਿਆ ਜਾ ਰਿਹਾ ਹੈ। ਸਪਿੱਲ ਵੇਅ ਦੇ ਗੇਟਾਂ ਦੇ ਖੋਲ੍ਹਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਜਦ ਵੀ ਉਪਰੋਂ ਕੋਈ ਆਦੇਸ਼ ਆਵੇਗਾ ਤਾਂ ਗੇਟ ਖੋਲ੍ਹ ਦਿੱਤੇ ਜਾਣਗੇ।

Advertisement

Advertisement

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੁਕਸਾਨ ਦਾ ਜਾਇਜ਼ਾ ਲਿਆ 
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਤੁਰੰਤ ਅੱਜ ਉਝ, ਜਲਾਲੀਆ ਤੇ ਰਾਵੀ ਦਰਿਆਵਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਈ ਹੈ ਜਾਂ ਹੋਰ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ, ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਮਿਆਲ ਕੋਲ ਜੋ ਸੜਕ ਰੁੜ੍ਹੀ ਹੈ, ਉਸ ਉਪਰ ਵੀ ਪਾਣੀ ਉਤਰਦੇ ਸਾਰ ਹੀ ਆਰਜੀ ਤੌਰ ਤੇ ਪੁਲ ਬਣਾ ਕੇ ਆਵਾਜ਼ਾਈ ਨੂੰ ਬਹਾਲ ਕਰ ਦਿੱਤਾ ਜਾਵੇਗਾ।
ਉਝ ਦਰਿਆ ’ਚ ਹੜ੍ਹ ਦੇ ਪਾਣੀ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਹੋਰ ਅਧਿਕਾਰੀ।
ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਜ਼ਿਲ੍ਹਾ ਪਠਾਨਕੋਟ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਅੰਦਰ ਵਗਣ ਵਾਲੇ ਦਰਿਆ ਅਤੇ ਨਾਲੇ ਉਫਾਨ ਤੇ ਹਨ। ਇਸ ਲਈ ਲੋਕ ਇਨ੍ਹਾਂ ਦਰਿਆਵਾਂ ਅਤੇ ਨਾਲਿਆਂ ਦੇ ਕੰਢਿਆਂ ਤੋਂ ਦੂਰ ਰਹਿਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। 
ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਧੋਪੁਰ ਰਾਹੀਂ ਕਠੂਆ ਜਾਣ ਤੋਂ ਬਚਣ ਕਿਉਂਕਿ ਨੈਸ਼ਨਲ ਹਾਈਵੇਅ 44 (ਕਠੂਆ ਤੋਂ ਪਠਾਨਕੋਟ) ਰੂਟ ਉਪਰ ਇੱਕ ਪੁਲ ਖਰਾਬ ਹੋ ਗਿਆ ਹੈ। ਐਮਰਜੈਂਸੀ ਸਥਿਤੀ ਵਿੱਚ ਹੀ ਲੋਕ ਨਰੋਟ ਜੈਮਲ ਸਿੰਘ-ਨਗਰੀ ਰੂਟ ਰਾਹੀਂ ਕਠੂਆ ਜਾ ਸਕਦੇ ਹਨ। 
Advertisement
×