ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਚੇਤਾਵਨੀ; ਸ਼ਿਮਲਾ ’ਚ ਕੌਮੀ ਸ਼ਾਹਰਾਹ 5 ਬੰਦ
Flashflood warning in several Himachal districts; NH-5 blocked in Shimla
ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 1 ਜੁਲਾਈ
ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਚੰਬਾ, ਮੰਡੀ, ਹਮੀਰਪੁਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਲਈ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਕਰਕੇ ਸ਼ਿਮਲਾ ਜ਼ਿਲ੍ਹੇ ਦੇ ਕਿੰਗਲ ਅਤੇ ਬਿਠਲ ਨੇੜੇ ਕਈ ਥਾਵਾਂ ’ਤੇ ਕੌਮੀ ਸ਼ਾਹਰਾਹ 5 ਵੀ ਬੰਦ ਹੋ ਗਿਆ ਹੈ, ਜਿਸ ਨਾਲ ਸੜਕ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ।
ਸੂਬੇ ਦੇ ਮੌਸਮ ਵਿਭਾਗ ਦੇ ਹਾਈਡ੍ਰੋਮੈਟ ਡਿਵੀਜ਼ਨ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਜਲ-ਖੇਤਰਾਂ(ਨਦੀਆਂ ਨਾਲਿਆਂ) ਅਤੇ ਨੇੜਲੀਆਂ ਥਾਵਾਂ ਉੱਤੇ ਪਾਣੀ ਦਾ ਪੱਧਰ ਵਧਣ ਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ, ਅਗਲੇ ਕੁਝ ਘੰਟਿਆਂ ਤੱਕ ਰਾਜ ਭਰ ਵਿੱਚ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ ਸ਼ਿਮਲਾ, ਕਾਂਗੜਾ, ਮੰਡੀ, ਊਨਾ, ਹਮੀਰਪੁਰ, ਸੋਲਨ, ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਸੰਤਰੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਗਰਜ ਨਾਲ ਤੂਫ਼ਾਨ ਅਤੇ ਬਿਜਲੀ ਦੇ ਨਾਲ-ਨਾਲ ਕੁਝ ਤੇਜ਼ ਬਾਰਿਸ਼ ਹੋ ਸਕਦੀ ਹੈ।
ਕੁੱਲੂ, ਚੰਬਾ, ਕਿਨੌਰ ਅਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਲਈ ਪੀਲੇ (ਯੈਲੋ) ਮੌਸਮ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ ਦਿਨ ਭਰ ਦੂਰ-ਦੁਰਾਡੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।