Five workers die: ਚੌਲ ਮਿੱਲ ਦੇ ਖਰਾਬ ਡ੍ਰਾਇਅਰ ਦੇ ਧੂੰਏਂ ਕਾਰਨ ਸਾਹ ਘੁਟਣ ਕਰ ਕੇ ਪੰਜ ਮਜ਼ਦੂਰਾਂ ਦੀ ਮੌਤ
ਤਿੰਨ ਹੋਰ ਮਜ਼ਦੂਰ ਬੇਹੋਸ਼ ਹੋਣ ਕਾਰਨ ਹਸਪਤਾਲ ਦਾਖ਼ਲ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਲਈ ਸਾਂਝੀ ਟੀਮ ਕਾਇਮ; ਰਾਈਸ ਮਿੱਲ ਵਿਚ ਝੋਨੇ ਨੂੰ ਸੁਕਾਉਂਦੇ ਸਮੇਂ ਵਾਪਰੀ ਘਟਨਾ
ਬਹਿਰਾਈਚ (ਯੂਪੀ), 25 ਅਪਰੈਲ
Five workers die after inhaling smoke: ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਥੇ ਇੱਕ ਚੌਲ ਮਿੱਲ ਵਿੱਚ ਖਰਾਬ ਹੋਈ ਡ੍ਰਾਇਅਰ ਮਸ਼ੀਨ ਤੋਂ ਨਿਕਲੇ ਧੂੰਏਂ ਕਰ ਕੇ ਸਾਹ ਘੁਟਣ ਕਾਰਨ ਕਥਿਤ ਤੌਰ 'ਤੇ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਧੂੰਏਂ ਕਾਰਨ ਬੇਹੋਸ਼ ਹੋਏ ਤਿੰਨ ਹੋਰ ਮਜ਼ਦੂਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਮੋਨਿਕਾ ਰਾਣੀ ਨੇ ਕਿਹਾ, "ਮਜ਼ਦੂਰ ਝੋਨਾ ਸੁਕਾਉਣ ਦਾ ਕੰਮ ਕਰ ਰਹੇ ਸਨ ਜਦੋਂ ਮਸ਼ੀਨ ਵਿੱਚੋਂ ਧੂੰਆਂ ਨਿਕਲਿਆ, ਜਿਸ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ।" ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਇੱਕ ਸਾਂਝ ਜਾਂਚ ਟੀਮ ਬਣਾਈ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਜਾਪਦਾ ਹੈ ਕਿ ਡ੍ਰਾਇਅਰ ਮਸ਼ੀਨ ਵਿੱਚ ਤਕਨੀਕੀ ਖਰਾਬੀ ਆਈ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਕਾਰਨ ਮਜ਼ਦੂਰਾਂ ਦਾ ਦਮ ਘੁੱਟ ਗਿਆ।
ਰਾਜਗੜ੍ਹੀਆ ਚੌਲ ਮਿੱਲ ਦੇ ਡਾਇਰੈਕਟਰ ਵਿਨੋਦ ਅਗਰਵਾਲ ਦੇ ਅਨੁਸਾਰ, ਡ੍ਰਾਇਅਰ ਪੂਰੀ ਤਰ੍ਹਾਂ ਸਵੈਚਾਲਿਤ ਪਲਾਂਟ ਹੈ ਅਤੇ ਭਾਫ਼ ਦੁਆਰਾ ਪੈਦਾ ਹੋਈ ਗਰਮ ਹਵਾ ਰਾਹੀਂ ਝੋਨੇ ਵਿੱਚੋਂ ਨਮੀ ਘਟਾਉਣ ਲਈ ਵਰਤਿਆ ਜਾਂਦਾ ਹੈ।
ਅਗਰਵਾਲ ਨੇ ਦੱਸਿਆ ਕਿ ਮਸ਼ੀਨ ਵਿੱਚ ਧੂੰਏਂ ਜਾਂ ਅੱਗ ਦਾ ਕੋਈ ਗੁੰਜਾਇਸ਼ ਨਹੀਂ ਸੀ। ਹਾਲਾਂਕਿ, ਸਵੇਰੇ 5 ਵਜੇ ਦੇ ਕਰੀਬ, ਇੱਕ ਕਰਮਚਾਰੀ ਨੇ ਡ੍ਰਾਇਅਰ ਦੇ ਅੰਦਰ ਧੂੰਆਂ ਦੇਖਿਆ, ਹਾਲਾਂਕਿ ਇਸ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ।
ਧੂੰਆਂ ਦੇਖਣ ਤੋਂ ਬਾਅਦ ਕਰਮਚਾਰੀ ਨੇ ਮਸ਼ੀਨ ਬੰਦ ਕਰ ਦਿੱਤੀ ਅਤੇ ਜਾਂਚ ਕਰਨ ਲਈ ਪਲਾਂਟ ਵਿੱਚ ਦਾਖਲ ਹੋ ਗਿਆ। ਜਦੋਂ ਉਹ ਵਾਪਸ ਨਹੀਂ ਆਇਆ, ਤਾਂ ਸੱਤ ਹੋਰ ਕਰਮਚਾਰੀ ਇੱਕ ਤੋਂ ਬਾਅਦ ਇੱਕ ਡ੍ਰਾਇਅਰ ਵਿੱਚ ਦਾਖਲ ਹੋਏ ਅਤੇ ਸਾਰੇ ਹੀ ਅੰਦਰ ਫਸ ਗਏ ਤੇ ਬੇਹੋਸ਼ ਹੋ ਗਏ। -ਪੀਟੀਆਈ