DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਦੇ ਪਿੰਡ ਕੌਲਪੁਰ ਦੇ ਗੁਰਦੁਆਰੇ ’ਚ ਪੰਜ ਪਾਵਨ ਸਰੂਪ ਅਗਨ ਭੇਟ

ਸੰਗਤ ਨੇ ਮੁਲਜ਼ਮ ਦਾ ਘਰ ਢਾਹਿਆ; ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਮਾਮਲੇ ਦੀ ਪਡ਼ਤਾਲ

  • fb
  • twitter
  • whatsapp
  • whatsapp
featured-img featured-img
ਪਿੰਡ ਕੌਲਪੁਰ ਵਿਚ ਸੰਗਤ ਵਲੋਂ ਮੁਲਜ਼ਮ ਦਾ ਢਾਹਿਆ ਗਿਆ ਘਰ।
Advertisement

ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਪਿੰਡ ਕੌਲਪੁਰ ਦੇ ਗੁਰਦੁਆਰਾ ਸਿੰਘ ਸਭਾ ’ਚ ਬੀਤੀ ਰਾਤ ਇਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਤੇਲ ਪਾ ਕੇ ਅਗਨ ਭੇਟ ਕਰ ਦਿੱਤੇ। ਰੋਹ ਵਿਚ ਆਈ ਸੰਗਤ ਨੇ ਮੁਲਜ਼ਮ ਦੇ ਘਰ ਨੂੰ ਪਹਿਲਾਂ ਅੱਗ ਲਗਾ ਦਿੱਤੀ ਅਤੇ ਫਿਰ ਜੇ ਸੀ ਬੀ ਮਸ਼ੀਨ ਲਿਆ ਕੇ ਉਸ ਨੂੰ ਢਹਿ-ਢੇਰੀ ਕਰ ਦਿੱਤਾ। ਪੁਲੀਸ ਨੇ ਮਨਜੀਤ ਸਿੰਘ ਨੂੰ ਕਾਬੂ ਕੀਤਾ ਹੈ, ਜੋ ਘਟਨਾ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਗਿਆ ਸੀ। ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਖੁਦ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਟੀਮ ਮੌਕੇ ’ਤੇ ਭੇਜੀ ਹੈ। ਅਕਾਲ ਤਖ਼ਤ ਦੇ ਸਕੱਤਰੇਤ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ ਹਨ ਜਦਕਿ ਇੱਕ ਸਰੂਪ ਨੂੰ ਕਾਫ਼ੀ ਸੇਕ ਲੱਗਾ ਹੈ।

ਘਟਨਾ ਸਥਾਨ ਤੇ ਪੁੱਜੇ ਜਥੇਦਾਰ ਗੜਗੱਜ ਨੇ ਸਖ਼ਤ ਕਾਰਵਾਈ ਕਰਦਿਆਂ ਗੁਰਦੁਆਰਾ ਸਿੰਘ ਸਭਾ ਕੌਲਪੁਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਤਾਉਮਰ ਗੁਰੂ ਘਰ ਦੇ ਪ੍ਰਬੰਧਕ ਬਣਨ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਕਮੇਟੀਆਂ ਨੂੰ ਤਾਕੀਦ ਕੀਤੀ ਕਿ ਉਹ ਪ੍ਰਧਾਨ, ਮੈਂਬਰ, ਸਕੱਤਰ ਬਣਨ ਦੀ ਥਾਂ ’ਤੇ ਗੁਰੂਘਰ ਦੇ ਸੱਚੇ ਸੇਵਾਦਾਰ ਬਣ ਕੇ ਪੂਰੀ ਸੇਵਾ ਭਾਵਨਾ ਨਾਲ ਹਰ ਗੁਰਦੁਆਰੇ ਦੀ 24 ਘੰਟੇ ਪਹਿਰੇਦਾਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅੰਦਰ ਹਰ ਸਮੇਂ ਪਹਿਰੇਦਾਰੀ ਲਾਜ਼ਮੀ ਹੈ, ਜਿਸ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਢਿੱਲ ਹੋਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

ਗੁਰਦੁਆਰੇ ਵਿੱਚ ਸੰਗਤ ਦੇ ਇਕੱਠ ਮੌਕੇ ਸਾਂਬਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਯੂਸ਼ੀ ਸੂਦਨ, ਜੰਮੂ-ਸਾਂਬਾ-ਕਠੂਆ ਰੇਂਜ ਦੇ ਡੀਆਈਜੀ ਸ਼ਿਵ ਕੁਮਾਰ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜੋ ਗੁਨਾਹ ਇਸ ਵਿਅਕਤੀ ਨੇ ਕੀਤਾ ਹੈ, ਉਹ ਬਖ਼ਸ਼ਣਯੋਗ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪੱਸ਼ਟ ਤੌਰ ਉੱਤੇ ਆਖਿਆ ਕਿ ਮੁਲਜ਼ਮ ਦਾ ਘਰ ਢਾਹੁਣ ਦੇ ਮਾਮਲੇ ’ਚ ਜੇ ਸਿੱਖਾਂ ਵਿਰੁੱਧ ਕੋਈ ਕਾਰਵਾਈ ਹੋਈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਖ਼ਾਲਸਾ ਪੰਥ ਮੋਰਚਾ ਵੀ ਲਗਾਏਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਵੇਂ ਮੁਲਜ਼ਮ ਮਨਜੀਤ ਨੂੰ ਪੁਲੀਸ ਨੇ ਕੁਝ ਹੀ ਘੰਟਿਆਂ ਬਾਅਦ ਕਾਬੂ ਕਰ ਲਿਆ ਸੀ ਪਰ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਸ ਨਾਲ ਦੋ ਹੋਰ ਵਿਅਕਤੀ ਵੀ ਸਨ ਜਿਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਪਹਿਲਾਂ ਵੀ ਆਪਣੇ ਘਰ ਵਾਲੀ ਥਾਂ ਉੱਤੇ ਸਿੱਖ ਵਿਰੋਧੀ ਪਖੰਡਵਾਦ ਕਰ ਰਿਹਾ ਸੀ, ਜਿਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਸਰਕਾਰ ਨੇ ਉਸ ਵਿਰੁੱਧ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਘਟਨਾ ਨਹੀਂ ਵਾਪਰਨੀ ਸੀ।

Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫ਼ੋਂ ਵੀ ਇੱਕ ਵਫ਼ਦ ਵਿਸ਼ੇਸ਼ ਤੌਰ ’ਤੇ ਸਾਂਬਾ ਪੁੱਜਿਆ ਜਿਸ ਵਿੱਚ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਪ੍ਰਤਾਪ ਸਿੰਘ ਸ਼ਾਮਲ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਜੰਮੂ ਤੋਂ ਇੰਚਾਰਜ ਭਾਈ ਹਰਭਿੰਦਰ ਸਿੰਘ ਤੜਕੇ ਹੀ ਮਾਮਲੇ ਦੀ ਪੜਤਾਲ ਲਈ ਕੌਲਪੁਰ ਪਿੰਡ ਪੁੱਜੇ ਅਤੇ ਉਨ੍ਹਾਂ ਅਗਨ ਭੇਟ ਹੋਏ ਪਾਵਨ ਸਰੂਪਾਂ ਦੀ ਸੇਵਾ-ਸੰਭਾਲ ਸੰਗਤ ਦੇ ਸਹਿਯੋਗ ਨਾਲ ਕੀਤੀ। ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਗਨ ਭੇਟ ਹੋਏ ਪਾਵਨ ਸਰੂਪਾਂ ਨੂੰ ਮਰਿਆਦਾ ਸਹਿਤ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ ਹੈ।

Advertisement
×