ਹੈਦਰਾਬਾਦ ਵਿਚ ਰੱਥ ਯਾਤਰਾ ਕੱਢਣ ਮੌਕੇ ਕਰੰਟ ਲੱਗਣ ਨਾਲ ਪੰਜ ਮੌਤਾਂ, 4 ਜ਼ਖ਼ਮੀ
ਇਥੇ ਰਾਮੰਥਾਪੁਰ ਇਲਾਕੇ ਵਿਚ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨਾਂ ਦੌਰਾਨ ਇਕ ਰੱਥ ਦੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਰਾਤ ਦਾ ਦੱਸਿਆ ਜਾਂਦਾ ਹੈ। ਪੁਲੀਸ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।
ਪੁਲੀਸ ਇੰਸਪੈਕਟਰ ਨੇ ਕਿਹਾ, ‘‘ਲੰਘੀ ਰਾਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੱਢੀ ਰੱਥ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਰਕੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋਗਈ ਤੇ ਚਾਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਤਬਦੀਲ ਕੀਤਾ ਗਿਆ ਹੈ ਤੇ ਪੀੜਤਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।’’ ਹਾਦਸੇ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।
ਭਾਰਤ ਰਾਸ਼ਟਰ ਸਮਿਤੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾਰਾਓ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੇਟੀਆਰ ਨੇ ਕਿਹਾ, ‘‘ਰਾਮੰਥਾਪੁਰ ਦੇ ਗੋਖਲੇ ਨਗਰ ਵਿੱਚ ਵਾਪਰੇ ਹਾਦਸੇ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਦੁੱਖ ਦੀ ਗੱਲ ਹੈ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਕੱਢੀ ਗਈ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਪੰਜ ਲੋਕਾਂ ਦੀ ਜਾਨ ਚਲੀ ਗਈ। ਇਹ ਦਿਲ ਦਹਿਲਾ ਦੇਣ ਵਾਲਾ ਹੈ ਕਿ ਇਸ ਦੁਖਾਂਤ ਵਿੱਚ ਕ੍ਰਿਸ਼ਨ ਯਾਦਵ, ਸ਼੍ਰੀਕਾਂਤ ਰੈਡੀ, ਸੁਰੇਸ਼ ਯਾਦਵ, ਰੁਦਰ ਵਿਕਾਸ ਅਤੇ ਰਾਜੇਂਦਰ ਰੈਡੀ ਦੀ ਮੌਤ ਹੋ ਗਈ।’’