First session of J-K Assembly: ਧਾਰਾ 370 ਸਬੰਧੀ ਮਤੇ ਕਾਰਨ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ
Unruly scenes in first session of J-K Assembly over Article 370; ਪੀਡੀਪੀ ਦੇ ਵਹੀਦ ਪਾਰਾ ਨੇ ਪੇਸ਼ ਕੀਤਾ ਮਤਾ; ਭਾਜਪਾ ਮੈਂਬਰਾਂ ਨੇ ਕੀਤਾ ਜ਼ੋਰਦਾਰ ਵਿਰੋਧ
ਸ੍ਰੀਨਗਰ, 4 ਨਵੰਬਰ
ਜੰਮੂ-ਕਸ਼ਮੀਰ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਨਵੀਂ ਬਣੀ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਸੋਮਵਾਰ ਨੂੰ ਪਹਿਲੇ ਹੀ ਦਿਨ ਪੀਡੀਪੀ ਦੇ ਵਹੀਦ ਪਾਰਾ ਵੱਲੋਂ ਧਾਰਾ 370 ਨੂੰ ਰੱਦ ਕੀਤੇ ਜਾਣ ਖ਼ਿਲਾਫ਼ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਸਦਨ ਵਿਚ ਜ਼ੋਰਦਾਰ ਹੰਗਾਮਾ ਹੋਇਆ। ਪੀਡੀਪੀ ਦੇ ਪੁਲਵਾਮਾ ਤੋਂ ਵਿਧਾਇਕ ਵਹੀਦ ਪਾਰਾ ਇਸ ਮਤੇ ਵਿਚ ਜੰਮੂ-ਕਸ਼ਮੀਰ ਦਾ ਪਹਿਲਾਂ ਵਾਲਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ ਵੀ ਕੀਤੀ।
ਉਨ੍ਹਾਂ ਨੈਸ਼ਨਲ ਕਾਨਫਰੰਸ (ਐਨਸੀ) ਦੇ ਸੀਨੀਅਰ ਆਗੂ ਅਤੇ ਸੱਤ ਵਾਰ ਦੇ ਵਿਧਾਇਕ ਅਬਦੁਲ ਰਹੀਮ ਰਾਠਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਵਿਧਾਨ ਸਭਾ ਦਾ ਪਹਿਲਾ ਸਪੀਕਰ ਚੁਣੇ ਜਾਣ ਤੋਂ ਤੁਰੰਤ ਬਾਅਦ ਮਤਾ ਪੇਸ਼ ਕੀਤਾ। ਉਨ੍ਹਾਂ ਮਤਾ ਪੇਸ਼ ਕਰਦਿਆਂ ਕਿਹਾ, "ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਜਜ਼ਬਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਸਦਨ (ਜੰਮੂ ਅਤੇ ਕਸ਼ਮੀਰ ਦੇ) ਵਿਸ਼ੇਸ਼ ਦਰਜੇ ਨੂੰ ਮਨਸੂਖ਼ ਕਰਨ ਦਾ ਵਿਰੋਧ ਕਰਦਾ ਹੈ।" ਇਸ ਦਾ ਭਾਜਪਾ ਵਿਧਾਇਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਭਾਜਪਾ ਦੇ ਸਾਰੇ 28 ਵਿਧਾਇਕ ਇਸ ਕਦਮ ਦਾ ਵਿਰੋਧ ਕਰਨ ਲਈ ਖੜ੍ਹੇ ਹੋ ਗਏ।
ਭਾਜਪਾ ਵਿਧਾਇਕ ਸ਼ਾਮ ਲਾਲ ਸ਼ਰਮਾ ਨੇ ਵਿਧਾਨ ਸਭਾ ਨਿਯਮਾਂ ਦੀ ਉਲੰਘਣਾ ਕਰਦਾ ਮਤਾ ਪੇਸ਼ ਕਰਨ ਲਈ ਪਾਰਾ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ। ਦੂਜੇ ਪਾਸੇ ਰਾਠਰ ਨੇ ਵਾਰ-ਵਾਰ ਵਿਰੋਧ ਕਰ ਰਹੇ ਵਿਧਾਇਕਾਂ ਨੂੰ ਬੈਠਣ ਦੀਆਂ ਬੇਨਤੀਆਂ ਕੀਤੀਆਂ, ਪਰ ਉਨ੍ਹਾਂ ਉਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਸਪੀਕਰ ਨੇ ਕਿਹਾ ਕਿ ਅਜੇ ਤੱਕ ਮਤਾ ਉਨ੍ਹਾਂ ਕੋਲ ਨਹੀਂ ਪੁੱਜਾ ਅਤੇ ਜਦੋਂ ਉਨ੍ਹਾਂ ਦੀ ਸੀਟ ਉਤੇ ਆਵੇਗਾ ਤਾਂ ਉਹ ਇਸ ਦੀ ਘੋਖ ਕਰਨਗੇ।
ਭਾਜਪਾ ਮੈਂਬਰਾਂ ਵੱਲੋਂ ਵਿਰੋਧ ’ਤੇ ਅੜੇ ਰਹਿਣ ’ਤੇ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ। ਰੌਲੇ-ਰੱਪੇ ਦੌਰਾਨ ਐਨਸੀ ਵਿਧਾਇਕ ਸ਼ਬੀਰ ਕੁੱਲੇ ਸਪੀਕਰ ਦੇ ਆਸਣ ਮੂਹਰੇ ਜਾ ਪੁੱਜੇ।
ਗ਼ੌਰਤਲਬ ਹੈ ਕਿ ਕੇਂਦਰ ਦੀ ਐੱਨਡੀਏ ਸਰਕਾਰ ਨੇ 5 ਅਗਸਤ, 2019 ਨੂੰ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ, ਜਿਸ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ।
ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਪੂਰੀ ਵਾਹ ਲਾਏਗੀ ਸਰਕਾਰ: ਉਪ ਰਾਜਪਾਲ ਸਿਨਹਾ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਨਵੀਂ ਚੁਣੀ ਗਈ ਸਰਕਾਰ ਜੰਮੂ-ਕਸ਼ਮੀਰ ਨੂੰ ‘ਪੂਰੇ ਰਾਜ ਦਾ ਦਰਜਾ ਬਹਾਲ ਕਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰੇਗੀ’ ਅਤੇ ਸੂਬੇ ਦੇ ਲੋਕਾਂ ਵੱਲੋਂ ਜਮਹੂਰੀ ਅਦਾਰਿਆਂ ਵਿੱਚ ਦਿਖਾਏ ਗਏ ਭਰੋਸਾ ਦੇ ‘ਇਹੋ ਢੁਕਵਾਂ ਜਵਾਬ’ ਹੋਵੇਗਾ। ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਨੂੰ ਆਪਣੇ ਰਵਾਇਤੀ ਸੰਬੋਧਨ ਵਿੱਚ ਸਿਨਹਾ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਅਤੇ ‘ਇਸ ਨੂੰ ਮੁੜ ਰਾਜ ਦਾ ਦਰਜਾ ਦਿੱਤੇ ਜਾਣ ਦੀਆਂ ਖ਼ਾਹਿਸ਼ਾਂ’ ਨੂੰ ਪੂਰਾ ਕਰਨ ਲਈ ‘ਪੂਰੀ ਤਰ੍ਹਾਂ ਤਿਆਰ’ ਹੈ।
ਉਨ੍ਹਾਂ ਰਾਜ ਦਾ ਦਰਜਾ ਬਹਾਲ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਮੌਕਿਆਂ 'ਤੇ ਪ੍ਰਗਟਾਈ ਗਈ ਵਚਨਬੱਧਤਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਹ ਹਮੇਸ਼ਾ ਲੋਕਾਂ ਲਈ ਉਮੀਦ ਅਤੇ ਭਰੋਸੇ ਦਾ ਸਰੋਤ ਰਿਹਾ ਹੈ। -ਪੀਟੀਆਈ

