ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਪਹਿਲਾ ਗੇੜ ਮੁਕੰਮਲ ਹੋਣ ਕੰਢੇ
ਵਣਜ ਸਕੱਤਰ ਨੇ ਕੀਤਾ ਦਾਅਵਾ; ਟੈਰਿਫ ਦਾ ਮੁੱਦਾ ਪਹਿਲਾਂ ਹੱਲ ਹੋਵੇਗਾ
ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕਿਹਾ ਕਿ ਭਾਰਤ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ ਅਤੇ ਸਮਝੌਤੇ ਦਾ ਪਹਿਲਾ ਗੇੜ ਪੂਰਾ ਹੋਣ ਵਾਲਾ ਹੈ। ਅਕਤੂਬਰ ’ਚ ਵਪਾਰ ਦੇ ਅੰਕੜੇ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾ ਗੇੜ ਟੈਰਿਫ ਦੇ ਮੁੱਦੇ ਹੱਲ ਕਰਨ ’ਤੇ ਕੇਂਦਰਤ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਬਾਰੇ ਕਈ ਮਹੀਨਿਆਂ ਤੋਂ ਗੱਲਬਾਤ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਟੈਰਿਫ ਦੇ ਮੁੱਦੇ ’ਤੇ ਕੋਈ ਸਮਾਂ-ਹੱਦ ਤੈਅ ਨਹੀਂ ਕੀਤੀ ਜਾ ਸਕਦੀ ਹੈ ਪਰ ਇਸ ਦਾ ਨਿਬੇੜਾ ਛੇਤੀ ਹੋਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਅਤੇ ਵਿਸ਼ਵ ਵਪਾਰ ਸੰਗਠਨ ਦੇ ਨੇਮਾਂ ਤਹਿਤ ਸਮਝੌਤਾ ਹੋਵੇਗਾ। ਦੋਵੇਂ ਮੁਲਕ ਪਿਛਲੇ ਕੁਝ ਮਹੀਨਿਆਂ ਤੋਂ ਅੰਤਰਿਮ ਵਪਾਰ ਸਮਝੌਤੇ ਬਾਰੇ ਵਿਚਾਰ ਕਰ ਰਹੇ ਸਨ ਪਰ ਭਾਰਤ ਨੇ ਅਮਰੀਕਾ ਵੱਲੋਂ ਖੇਤੀ ਅਤੇ ਡੇਅਰੀ ਸੈਕਟਰਾਂ ਤੱਕ ਵਧੇਰੇ ਪਹੁੰਚ ਦੀ ਮੰਗ ਠੁਕਰਾ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ 25 ਫ਼ੀਸਦ ਟੈਰਿਫ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਰੂਸੀ ਤੇਲ ਖ਼ਰੀਦਣ ਕਰਕੇ ਉਨ੍ਹਾਂ ਜੁਰਮਾਨੇ ਵਜੋਂ ਹੋਰ 25 ਫ਼ੀਸਦ ਟੈਰਿਫ ਲਗਾ ਦਿੱਤਾ ਸੀ।

