ਲੱਦਾਖ ਪੁਲੀਸ ਦੀ ਪਹਿਲੀ ਪਾਸਿੰਗ-ਆਊਟ ਪਰੇਡ
ਉਪ ਰਾਜਪਾਲ ਕਵਿੰਦਰ ਗੁਪਤਾ ਨੇ ਪਰੇਡ ਤੋਂ ਸਲਾਮੀ ਲਈ; 209 ਔਰਤਾਂ ਸਣੇ 453 ਕਾਂਸਟੇਬਲ ਭਰਤੀ
ਵਰ੍ਹਾ 2019 ’ਚ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮਿਲਣ ਮਗਰੋਂ ਅੱਜ ਇੱਥੇ ਲੱਦਾਖ ਪੁਲੀਸ ਫੋਰਸ ਦੇ ਨਵੇਂ ਕਾਂਸਟੇਬਲਾਂ ਦੀ ਪਹਿਲੀ ਪਾਸਿੰਗ-ਆਊਟ ਪਰੇਡ ਹੋਈ। ਇਸ ਨਾਲ ਸਿਖਲਾਈ ਪੂਰੀ ਕਰਨ ਮਗਰੋਂ 209 ਔਰਤਾਂ ਸਣੇ 453 ਕਾਂਸਟੇਬਲ ਰਸਮੀ ਤੌਰ ’ਤੇ ਲੱਦਾਖ ਪੁਲੀਸ ’ਚ ਭਰਤੀ ਹੋ ਗਏ ਹਨ। ਇੱਥੇ ਸਟੌਂਗ ਸਾਰ ਵਿੱਚ ਪੁਲੀਸ ਟ੍ਰੇਨਿੰਗ ਸੈਂਟਰ ਵਿੱਚ ਹੋਈ ਪਰੇਡ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਇਸ ਨੂੰ ਇਤਿਹਾਸਿਕ ਕਰਾਰ ਦਿੱਤਾ।
ਸ੍ਰੀ ਗੁਪਤਾ ਨੇ ਪਰੇਡ ਦੀ ਸਮੀਖਿਆ ਕੀਤੀ ਤੇ ਪਰੇਡ ਦੌਰਾਨ ਪੁਲੀਸ ਫੋਰਸ ਦੀਆਂ ਟੁਕੜੀਆਂ ਨੂੰ ਸਲਾਮੀ ਦਿੱਤੀ। ਇਸ ਦੌਰਾਨ ਉੱਪ ਰਾਜਪਾਲ ਨੇ ਲੱਦਾਖ ਪੁਲੀਸ ਦੇ ਸਰਵੋਤਮ ਕਾਂਸਟੇਬਲਾਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਦਿਨ ਲੱਦਾਖ ਦੀ ਵਧਦੀ ਤਾਕਤ ਤੇ ਆਤਮ-ਨਿਰਭਰਤਾ ਨੂੰ ਦਰਸਾਉਂਦਾ ਹੈ। ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮਿਲਣ ਮਗਰੋਂ ਇੱਥੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ ਆਤਮ-ਨਿਰਭਰ ਬਣਨ ਲਈ ਲੱਦਾਖ ਪੁਲੀਸ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਚੁਣੌਤੀਆਂ ਨੇ ਹੀ ਲੱਦਾਖ ਪੁਲੀਸ ਦੀ ਦ੍ਰਿੜਤਾ ਨੂੰ ਮਜ਼ਬੂਤ ਕੀਤਾ ਹੈ। ਪੁਲੀਸ ਬਲ ਨੂੰ ਮਜ਼ਬੂਤ ਕਰਨ ਲਈ ਉਪ ਰਾਜਪਾਲ ਨੇ ਆਪਣੇ ਪ੍ਰਸ਼ਾਸਨ ਦੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਇੱਥੇ ਰਿਹਾਇਸ਼ੀ ਅਤੇ ਡਿਜੀਟਲ ਪਰਿਵਰਤਨ ਲਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਹਨ। 2022 ਵਿੱਚ ਸਟੌਂਗ ਸਾਰ ਵਿੱਚ ਪੁਲੀਸ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਲੱਦਾਖ ਦੀ ਆਤਮ-ਨਿਰਭਰਤਾ ਨੂੰ ਦਰਸਾਉਂਦੀ ਹੈ।
ਸਬ-ਇੰਸਪੈਕਟਰਾਂ ਦੀ ਭਰਤੀ ਜਲਦੀ
ਉਪ ਰਾਜਪਾਲ ਕਵਿੰਦਰ ਗੁਪਤਾ ਨੇ ਐਲਾਨ ਕੀਤਾ ਕਿ 209 ਔਰਤਾਂ ਕਾਂਸਟੇਬਲਾਂ ਸਣੇ 453 ਭਰਤੀਆਂ ਨੇ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕਰ ਲਈ ਹੈ, ਜਿਸ ਨਾਲ ਉਹ ਰਸਮੀ ਤੌਰ ’ਤੇ ਲੱਦਾਖ ਪੁਲੀਸ ’ਚ ਭਰਤੀ ਹੋ ਗਏ ਹਨ। ਸਬ-ਇੰਸਪੈਕਟਰਾਂ ਲਈ ਭਰਤੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗਾ ਤਾਂ ਜੋ ਪੁਲੀਸ ਬਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਹ ਪ੍ਰਾਪਤੀ ਲੱਦਾਖ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਦਰਸਾਉਂਦੀ ਹੈ।

