‘ਪਹਿਲਾਂ ਤੈਅ ਕਰੋ ਤੁਸੀਂ ਕਿਸ ਪਾਰਟੀ ਨਾਲ ਸਬੰਧਤ ਹੋ’; ਮੁਰਲੀਧਰਨ ਦਾ ਥਰੂਰ ’ਤੇ ਤਨਜ਼
ਤਿਰੂਵਨੰਤਪੁਰਮ, 11 ਜੁਲਾਈ
ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸ਼ਸ਼ੀ ਥਰੂਰ ਦੀ ਇੱਕ ਸਰਵੇਖਣ ਸਬੰਧੀ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਕੇ. ਮੁਰਲੀਧਰਨ ਨੇ ਉਨ੍ਹਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਉਨ੍ਹਾਂ ਨੂੰ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਕਿਸ ਪਾਰਟੀ ਨਾਲ ਸਬੰਧਤ ਹਨ।’’
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਥਰੂਰ ਦੀ 'ਐਕਸ' (X) ’ਤੇ ਪੋਸਟ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਵੇਂ ਕੋਈ ਹੋਰ ਸਰਵੇਖਣ ਵਿੱਚ ਅੱਗੇ ਹੋਵੇ, ਜੇਕਰ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂ.ਡੀ.ਐੱਫ. ਸੱਤਾ ਵਿੱਚ ਆਉਂਦਾ ਹੈ, ਤਾਂ ਮੁੱਖ ਮੰਤਰੀ ਯੂਡੀਐੱਫ ਤੋਂ ਹੀ ਹੋਵੇਗਾ।’’ ਉਨ੍ਹਾਂ ਕਿਹਾ, "ਸਾਡਾ ਮਕਸਦ ਚੋਣਾਂ ਜਿੱਤਣਾ ਹੈ। ਅਸੀਂ ਅਜਿਹੇ ਬੇਲੋੜੇ ਵਿਵਾਦਾਂ ਵਿੱਚ ਦਿਲਚਸਪੀ ਨਹੀਂ ਰੱਖਦੇ।"
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਕੇਰਲ ਇਕਾਈ ਵਿੱਚ ਕਈ ਸੀਨੀਅਰ ਨੇਤਾ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰ ਕੀਤਾ ਜਾਵੇਗਾ, ਭਾਵੇਂ ਕੋਈ ਵੀ ਸਰਵੇਖਣ ਕੁਝ ਵੀ ਕਹੇ।
— Shashi Tharoor (@ShashiTharoor) July 9, 2025
ਇੱਕ ਨਿੱਜੀ ਏਜੰਸੀ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ 28.3 ਪ੍ਰਤੀਸ਼ਤ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਥਰੂਰ ਰਾਜ ਦੀ ਅਗਵਾਈ ਕਰਨ ਲਈ ਸਭ ਤੋਂ ਵਧੀਆ ਵਿਕਲਪ ਹਨ। ਥਰੂਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਰਵੇਖਣ ਬਾਰੇ ਇੱਕ ਖ਼ਬਰ ਪੋਸਟ ਸਾਂਝੀ ਕੀਤੀ ਸੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਇੱਕ ਜੁੜੇ ਹੋਏ ਹੱਥਾਂ ਵਾਲਾ ਇਮੋਜੀ ਜੋੜਿਆ ਸੀ। -ਪੀਟੀਆਈ