ਉੱਤਰੀ ਗੋਆ ਦੇ ਨਾਈਟ ਕਲੱਬਾਂ, ਹੋਟਲਾਂ, ਗੈਸਟ ਹਾਊਸਾਂ ਤੇ ਰਿਜ਼ੌਰਟਾਂ ਵਿਚ ਆਤਿਸ਼ਬਾਜ਼ੀ ’ਤੇ ਰੋਕ
ਉੱਤਰੀ ਗੋਆ ਦੇ ਇਕ ਨਾਈਟ ਕਲੱਬ ਵਿਚ ਲੱਗੀ ਅੱਗ, ਜਿਸ ਵਿਚ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨਾਲ ਜੁੜੀਆਂ ਥਾਵਾਂ ਜਿਵੇਂ ਨਾਈਟ ਕਲੱਬਾਂ, ਹੋਟਲਾਂ ਤੇ ਹੋਰਨਾਂ ਥਾਵਾਂ ’ਤੇ ਪਟਾਕੇ ਜਾਂ ਆਤਿਸ਼ਬਾਜ਼ੀ ਚਲਾਉਣ ’ਤੇ ਮੁਕੰਮਲ...
ਉੱਤਰੀ ਗੋਆ ਦੇ ਇਕ ਨਾਈਟ ਕਲੱਬ ਵਿਚ ਲੱਗੀ ਅੱਗ, ਜਿਸ ਵਿਚ 25 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨਾਲ ਜੁੜੀਆਂ ਥਾਵਾਂ ਜਿਵੇਂ ਨਾਈਟ ਕਲੱਬਾਂ, ਹੋਟਲਾਂ ਤੇ ਹੋਰਨਾਂ ਥਾਵਾਂ ’ਤੇ ਪਟਾਕੇ ਜਾਂ ਆਤਿਸ਼ਬਾਜ਼ੀ ਚਲਾਉਣ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਉੱਤਰੀ ਗੋਆ ਜ਼ਿਲ੍ਹਾ ਪ੍ਰਸ਼ਾਸਨ ਨੇ 6 ਦਸੰਬਰ ਦੀ ਅੱਧੀ ਰਾਤ ਦੇ ਕਰੀਬ ਅਰਪੋਰਾ ਦੇ ਨਾਈਟ ਕਲੱਬ ਵਿੱਚ ਵਾਪਰੀ ਭਿਆਨਕ ਅੱਗ ਦੀ ਘਟਨਾ ਮਗਰੋਂ ਇਹਤਿਆਤੀ ਉਪਾਅ ਵਜੋਂ ਬੁੱਧਵਾਰ ਸ਼ਾਮ ਨੂੰ ਇਹ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸੈਲਾਨੀ ਸੰਸਥਾਵਾਂ ਦੇ ਅੰਦਰ ਪਟਾਕੇ, ਸਪਾਰਕਲਰ, ਆਤਿਸ਼ਬਾਜ਼ੀ, ਅੱਗ ਸੁੱਟਣ ਵਾਲੇ ਯੰਤਰਾਂ, ਧੂੰਆਂ ਜਨਰੇਟਰ ਅਤੇ ਇਸੇ ਤਰ੍ਹਾਂ ਦੇ ਅੱਗ/ਧੂੰਆਂ ਪੈਦਾ ਕਰਨ ਵਾਲੇ ਉਪਕਰਣਾਂ ਦੀ ਵਰਤੋਂ, ਫਟਣ, ਅੱਗ ਲਗਾਉਣ ਜਾਂ ਸੰਚਾਲਨ ’ਤੇ ਮੁਕੰਮਲ ਪਾਬੰਦੀ ਹੋਵੇਗੀ।’’ ਹੁਕਮਾਂ ਅਨੁਸਾਰ, ਇਹ ਪਾਬੰਦੀ ਉੱਤਰੀ ਗੋਆ ਦੇ ਸਾਰੇ ਨਾਈਟ ਕਲੱਬਾਂ, ਬਾਰਾਂ ਅਤੇ ਰੈਸਟੋਰੈਂਟਾਂ, ਹੋਟਲਾਂ, ਗੈਸਟ ਹਾਊਸਾਂ, ਰਿਜ਼ੋਰਟਾਂ, ਬੀਚ ਸ਼ੈਕਸ, ਅਸਥਾਈ ਢਾਂਚੇ, ਸਮਾਗਮ ਸਥਾਨਾਂ ਅਤੇ ਮਨੋਰੰਜਨ ਸੰਸਥਾਵਾਂ ’ਤੇ ਲਾਗੂ ਹੋਣਗੇ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਅਰਪੋਰਾ ਵਿੱਚ ‘ਬਿਰਚ ਬਾਏ ਰੋਮੀਓ ਲੇਨ’ ਨਾਈਟ ਕਲੱਬ ਵਿੱਚ ਲੰਘੇ ਸ਼ਨਿੱਚਰਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਲੱਬ ਦੀ ਇਮਾਰਤ ਅੰਦਰ ‘ਬਿਜਲਈ ਪਟਾਕੇ’ ਚਲਾਏ ਗਏ ਸਨ, ਜਿਸ ਨਾਲ ਅੱਗ ਲੱਗ ਗਈ ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ।

