ਬਿਹਾਰ ’ਚ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ:ਕੁੱਲ ਵੋਟਰ 7.42 ਕਰੋੜ, ਐੱਸ ਆਈ ਆਰ ਮਗਰੋਂ 47 ਲੱਖ ਤੋਂ ਵੱਧ ਘਟੇ
ਖਰਡ਼ਾ ਸੂਚੀ ’ਚੋਂ ਬਾਹਰ ਰਹਿ ਗਏ 21.53 ਲੱਖ ‘ਯੋਗ ਵੋਟਰਾਂ’ ਦੇ ਨਾਮ ਜੋਡ਼ੇ ਤੇ 3.66 ਲੱਖ ਹਟਾਏ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਬਿਹਾਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਹੈ, ਜਿਸ ’ਚ ਕੁੱਲ ਵੋਟਰਾਂ ਦੀ ਗਿਣਤੀ 7.42 ਕਰੋੜ ਹੈ। ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਪੜਤਾਲ (ਐੱਸ ਆਈ ਆਰ) ਜੂਨ ’ਚ ਸ਼ੁਰੂ ਹੋਣ ਮਗਰੋਂ ਇਸ ’ਚ ਹੁਣ 47 ਲੱਖ ਤੋਂ ਵੱਧ ਵੋਟਰ ਘਟੇ ਹਨ। ਉਂਝ ਅੰਤਿਮ ਅੰਕੜਾ ਅਗਸਤ ’ਚ ਜਾਰੀ ਖਰੜਾ ਸੂਚੀ (7.24 ਕਰੋੜ) ਨਾਲੋਂ ਜ਼ਿਆਦਾ ਹੈ ਜਿਸ ’ਚ ਮੌਤ, ਪਰਵਾਸ ਅਤੇ ਵੋਟਰਾਂ ਦੇ ਨਾਂ ਦੁਹਰਾਏ ਜਾਣ ਸਮੇਤ ਹੋਰ ਕਾਰਨਾਂ ਕਰਕੇ ਮੂਲ ਸੂਚੀ ’ਚੋਂ 65 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ।
ਬਿਹਾਰ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਬਿਆਨ ਮੁਤਾਬਕ ਦਾਅਵੇ ਅਤੇ ਇਤਰਾਜ਼ ਮਿਲਣ ਮਗਰੋਂ ਖਰੜਾ ਸੂਚੀ ’ਚੋਂ ਬਾਹਰ ਰਹਿ ਗਏ 21.53 ਲੱਖ ‘ਯੋਗ ਵੋਟਰਾਂ’ ਦੇ ਨਾਮ ਵੀ ਜੋੜੇ ਗਏ ਹਨ ਅਤੇ 3.66 ਲੱਖ ਦੇ ਨਾਮ ਹਟਾਏ ਗਏ ਹਨ। ਚੋਣ ਕਮਿਸ਼ਨ ਨੇ ਖਰੜਾ ਸੂਚੀ ’ਚ ‘ਅਯੋਗ’ ਠਹਿਰਾਏ ਗਏ ਵੋਟਰਾਂ ਦੇ ਨਾਮ ਕੱਟਣ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐੱਸ ਆਈ ਆਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਨਾਮ ਵੋਟਰਜ਼ਡਾਟਈਸੀਆਈਡਾਟਜੀਓਵੀਡਾਟਇਨ ’ਤੇ ਚੈੱਕ ਕਰ ਸਕਦੇ ਹਨ। ਉਧਰ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਦੇ ਅਧਿਕਾਰ ਖੇਤਰ ਅਧੀਨ ਆਉਂਦੇ 14 ਵਿਧਾਨ ਸਭਾ ਹਲਕਿਆਂ ’ਚ ਕੁੱਲ ਵੋਟਰਾਂ ਦੀ ਗਿਣਤੀ 48.15 ਲੱਖ ਹੈ ਜੋ ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਨਾਲੋਂ 1.63 ਲੱਖ ਦਾ ਵਾਧਾ ਹੈ। ਜ਼ਿਲ੍ਹੇ ’ਚ ਮਹਿਲਾ ਵੋਟਰਾਂ ਦੀ ਗਿਣਤੀ 22.75 ਲੱਖ ਅਤੇ ਦੀਘਾ ਹਲਕੇ ’ਚ ਸਭ ਤੋਂ ਵੱਧ 4.56 ਲੱਖ ਵੋਟਰ ਹਨ। -ਪੀਟੀਆਈ
ਵੋਟ ਚੋਰੀ ਦੇ ਕੂੜ ਪ੍ਰਚਾਰ ਦਾ ਪਰਦਾਫਾਸ਼ ਹੋਇਆ: ਜਨਤਾ ਦਲ (ਯੂ)
ਬਿਹਾਰ ’ਚ ਹੁਕਮਰਾਨ ਜਨਤਾ ਦਲ (ਯੂ) ਦੇ ਤਰਜਮਾਨ ਨੀਰਜ ਕੁਮਾਰ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਦੀ ਅਗਵਾਈ ਹੇਠਲੀ ਭ੍ਰਿਸ਼ਟ ਵਿਰੋਧੀ ਧਿਰ ਦੇ ਵੋਟ ਚੋਰੀ ਦੇ ਕੂੜ ਪ੍ਰਚਾਰ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੰਤਿਮ ਵੋਟਰ ਸੂਚੀ ’ਚ ਲੱਖਾਂ ਨਵੇਂ ਨਾਮ ਜੋੜੇ ਗਏ ਹਨ ਅਤੇ ਸਾਰੇ ਜਾਣਦੇ ਹਨ ਕਿ ਸੂਬੇ ’ਚ ਜ਼ਿਆਦਾਤਰ ਵੋਟਰ ਹਾਸ਼ੀਏ ’ਤੇ ਧੱਕੇ ਵਰਗਾਂ ਜਾਂ ਘੱਟ ਗਿਣਤੀਆਂ ਨਾਲ ਸਬੰਧਤ ਹਨ। -ਪੀਟੀਆਈ
ਕਾਂਗਰਸ ਨੇ ਵੋਟਰਾਂ ਦੇ ਅੰਕੜਿਆਂ ’ਤੇ ਚਿੰਤਾ ਜਤਾਈ
ਬਿਹਾਰ ਕਾਂਗਰਸ ਪ੍ਰਧਾਨ ਰਾਜੇਸ਼ ਕੁਮਾਰ ਨੇ ਖਰੜਾ ਸੂਚੀ ’ਚੋਂ ਹਟਾਏ ਗਏ ਨਾਵਾਂ ਦੀ ਗਿਣਤੀ ਬਾਰੇ ਗੰਭੀਰ ਚਿੰਤਾ ਜਤਾਈ ਜੋ ਅੰਤਿਮ ਸੂਚੀ ’ਚ ਜੋੜੇ ਗਏ ਨਾਵਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹਨ। ਕਾਂਗਰਸ ਆਗੂ ਨੇ ਕਿਹਾ ਕਿ ਐੱਸ ਆਈ ਆਰ ਨਾਲ ਸਬੰਧਤ ਮੁੱਦੇ ਹਾਲੇ ਖ਼ਤਮ ਨਹੀਂ ਹੋਏ ਹਨ ਅਤੇ ਵਿਰੋਧੀ ਧਿਰ ਅਖੀਰ ਤੱਕ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਅਤੇ ਨਿਰਪੱਖਤਾ ਹਾਲੇ ਵੀ ਸ਼ੱਕੀ ਹੈ। -ਪੀਟੀਆਈ