ਫਿਜੀ ਦੇ ਪ੍ਰਧਾਨ ਮੰਤਰੀ ਰਾਬੁਕਾ ਤਿੰਨ ਦਿਨਾ ਦੌਰੇ ’ਤੇ ਭਾਰਤ ਪੁੱਜੇ
ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਾਡਾ ਰਾਬੁਕਾ ਵਪਾਰ ਅਤੇ ਨਿਵੇਸ਼ ਵਰਗੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ।
ਦੱਖਣੀ ਪ੍ਰਸ਼ਾਂਤ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਰਾਬੁਕਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਨੇ ਫਿਜੀ ਦੇ ਨੇਤਾ ਦਾ ਇੱਥੇ ਹਵਾਈ ਅੱਡੇ ’ਤੇ ਸਵਾਗਤ ਕੀਤਾ। ਫਿਜੀ ਦੇ ਨੇਤਾ ਨਾਲ ਇੱਕ ਉੱਚ-ਪੱਧਰੀ ਵਫ਼ਦ ਵੀ ਆਇਆ ਹੈ, ਜਿਸ ਵਿੱਚ ਫਿਜੀ ਦੇ ਸਿਹਤ ਮੰਤਰੀ ਰਾਤੂ ਅੰਤੋਨੀਓ ਲਾਲਬਾਲਾਵੂ ਅਤੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਬੁਕਾ ਦਰਮਿਆਨ ਸੋਮਵਾਰ ਨੂੰ ਗੱਲਬਾਤ ਹੋਵੇਗੀ। ਉਹ ਰਾਬੁਕਾ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਕਿਹਾ, ‘‘ਇਹ ਦੌਰਾ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਫਿਜੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ।’’
ਫਿਜੀ ਸਮੁੰਦਰੀ ਸੁਰੱਖਿਆ ਖੇਤਰ ਵਿੱਚ ਭਾਰਤ ਲਈ ਇੱਕ ਮਹੱਤਵਪੂਰਨ ਦੇਸ਼ ਹੈ। ਦੋਵਾਂ ਦੇਸ਼ਾਂ ਦੇ ਸੱਭਿਆਚਾਰ ਅਤੇ ਲੋਕਾਂ ਵਿਚਕਾਰ ਆਪਸੀ ਸਬੰਧ ਮਜ਼ਬੂਤ ਹਨ। ਭਾਰਤ ਅਤੇ ਫਿਜੀ ਵਿਚਕਾਰ ਸਬੰਧੀ 1879 ਤੋਂ ਸ਼ੁਰੂ ਹੋਏ ਜਦੋਂ ਬਰਤਾਨੀਆ ਸਰਕਾਰ ਭਾਰਤੀ ਮਜ਼ਦੂਰਾਂ ਨੂੰ ਠੇਕਾ ਪ੍ਰਣਾਲੀ ਤਹਿਤ ਫਿਜੀ ਲੈ ਗਈ ਸੀ। ਰਾਬੁਕਾ ਦੀ ਭਾਰਤ ਫੇਰੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਫਿਜੀ ਦੌਰੇ ਤੋਂ ਇੱਕ ਸਾਲ ਬਾਅਦ ਹੋ ਰਹੀ ਹੈ।