ਸਾਰੇ ਮਹਾਂਦੀਪਾਂ ’ਚ ਲੋਕਤੰਤਰ ਲਈ ਲੜਾਈ ਇੱਕੋ ਜਿਹੀ: ਰਾਹੁਲ
ਕਾਂਗਰਸ ਆਗੂ ਨੇ ਕੋਲੰਬੀਆ ਤੇ ਪੇਰੂ ਦੇ ਆਪਣੇ ਦੌਰਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਦੱਖਣੀ ਅਮਰੀਕਾ ਮਹਾਂਦੀਪ ਦੇ ਚਾਰ ਦੇਸ਼ਾਂ ਦਾ ਦੌਰਾ ਕਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਮੀਦ ਦੀ ਇੱਕ ਵਿਸ਼ਵਵਿਆਪੀ ਭਾਸ਼ਾ ਹੈ ਅਤੇ ਸਨਮਾਨ ਤੇ ਲੋਕਤੰਤਰ ਲਈ ਲੜਾਈ ਇੱਕੋ ਜਿਹੀ ਹੈ। ਰਾਹੁਲ ਨੇ ਆਪਣੇ ਯੂਟਿਊਬ ਚੈਨਲ ’ਤੇ ਕੋਲੰਬੀਆ ਅਤੇ ਪੇਰੂ ਦੀ ਆਪਣੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਕੋਲੰਬੀਆ ਦੀਆਂ ਗਲੀਆਂ ਅਤੇ ਮੈਡੇਲਿਨ ਯੂਨੀਵਰਸਿਟੀ ਦੇ ਕਲਾਸਰੂਮਾਂ ਤੋਂ ਲੈ ਕੇ ਪੇਰੂ ਦੇ ਲੀਮਾ ਵਿੱਚ ਵਿਦਿਆਰਥੀਆਂ ਨਾਲ ਭਾਵੁਕ ਗੱਲਬਾਤ ਤੱਕ ਦੱਖਣੀ ਅਮਰੀਕਾ ਦੀ ਇਹ ਯਾਤਰਾ ਨਿੱਘ, ਖੁਸ਼ੀ ਅਤੇ ਵਿਚਾਰਾਂ ਨਾਲ ਭਰਪੂਰ ਰਹੀ।’’
ਉਨ੍ਹਾਂ ਕਿਹਾ, ‘‘ਮੈਂ ਅਜਿਹੇ ਕਲਾਕਾਰਾਂ ਨੂੰ ਮਿਲਿਆ ਜੋ ਰੰਗਾਂ ਨੂੰ ਵਿਰੋਧ ਵਜੋਂ ਵਰਤਦੇ ਹਨ ਅਤੇ ਅਜਿਹੇ ਵਿਦਿਆਰਥੀਆਂ ਨੂੰ ਵੀ ਮਿਲਿਆ ਜੋ ਨਿਡਰ ਹੋ ਕੇ ਸੁਪਨੇ ਦੇਖਦੇ ਹਨ। ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਹਿੰਮਤ ਦੀ ਭਾਵਨਾ ਸੱਚਮੁੱਚ ਪ੍ਰੇਰਨਾਦਾਇਕ ਸੀ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਹਰ ਕਦਮ ’ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਉਮੀਦ ਦੀ ਇੱਕ ਵਿਸ਼ਵਵਿਆਪੀ ਭਾਸ਼ਾ ਹੁੰਦੀ ਅਤੇ ਸਾਰੇ ਮਹਾਂਦੀਪਾਂ ਵਿੱਚ ਸਨਮਾਨ ਤੇ ਲੋਕਤੰਤਰ ਲਈ ਸਾਡੀ ਲੜਾਈ ਇੱਕੋ ਜਿਹੀ ਹੈ।’’ ਰਾਹੁਲ ਗਾਂਧੀ ਚਾਰ ਦੱਖਣੀ ਅਮਰੀਕੀ ਦੇਸ਼ਾਂ ਕੋਲੰਬੀਆ, ਬਰਾਜ਼ੀਲ, ਪੇਰੂ ਅਤੇ ਚਿੱਲੀ ਦੇ ਦਸ ਦਿਨਾਂ ਦੇ ਦੌਰੇ ’ਤੇ ਹਨ। ਉਨ੍ਹਾਂ ਦੇ ਇਸ ਦੌਰੇ ਦੌਰਾਨ ਸਿਆਸੀ ਆਗੂਆਂ, ਵਿਦਿਆਰਥੀਆਂ ਅਤੇ ਉੱਦਮੀਆਂ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਕਈ ਦੇਸ਼ਾਂ ਦੇ ਮੁਖੀਆਂ ਅਤੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਰਾਹੁਲ ਨੇ ਪਿਛਲੇ ਵੀਰਵਾਰ ਕੋਲੰਬੀਆ ਦੇ ਮੈਡੇਲਿਨ ਸਥਿਤ ਈ ਆਈ ਏ ਯੂਨੀਵਰਸਿਟੀ ਵਿੱਚ ਇੱਕ ਸੰਵਾਦ ਪ੍ਰੋਗਰਾਮ ਦੌਰਾਨ ਦਾਅਵਾ ਕੀਤਾ ਸੀ ਕਿ ਇਸ ਸਮੇਂ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ’ਤੇ ਵੱਡਾ ਹਮਲਾ ਹੋ ਰਿਹਾ ਹੈ। ਹਾਲਾਂਕਿ ਇਹ ਇੱਕ ਵੱਡਾ ਜੋਖਮ ਹੈ ਜਿਸ ’ਤੇ ਦੇਸ਼ ਨੂੰ ਕਾਬੂ ਪਾਉਣਾ ਪਵੇਗਾ।