DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤਿੱਖੀਆਂ ਝੜਪਾਂ: ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤਿੱਖੀਆਂ ਝੜਪਾਂ

ਡੇਰਾ ਬਾਬਾ ਨਾਨਕ ’ਚ ਪੱਗਾਂ ਲੱਥੀਆਂ

  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਪਰਚੇ ਖੋਹਣ ਵਾਲੇ ਵਿਅਕਤੀ ਨੂੰ ਫੜ ਕੇ ਲਿਜਾਂਦੀ ਪੁਲੀਸ। -ਫੋਟੋ: ਰਾਜੇਸ਼ ਸੱਚਰ
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਜ਼ੋਰਦਾਰ ਹੰਗਾਮਿਆਂ ਅਤੇ ਤਿੱਖੀਆਂ ਝੜਪਾਂ ਦਰਮਿਆਨ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਕਾਗ਼ਜ਼ ਦਾਖਲ ਕਰਨ ਦੇ ਅਖੀਰਲੇ ਦਿਨ ਕਰੀਬ ਅੱਧੀ ਦਰਜਨ ਥਾਵਾਂ ’ਤੇ ਤਣਾਅ ਅਤੇ ਟਕਰਾਅ ਦਾ ਮਾਹੌਲ ਬਣਿਆ ਰਿਹਾ। ਕਿਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਰੋਕੇ ਜਾਣ ’ਤੇ ਹੰਗਾਮਾ ਹੋਇਆ ਅਤੇ ਕਿਤੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਖੋਹ ਕੇ ਪਾੜੇ ਜਾਣ ਦਾ ਰੌਲਾ ਪਿਆ। ਜ਼ਿਲ੍ਹਾ ਪਰਿਸ਼ਦ ਲਈ ਕੁੱਲ 1865 ਤੇ ਪੰਚਾਇਤ ਸਮਿਤੀ ਲਈ 12359 ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਪੰਜਾਬ ’ਚ 14 ਦਸੰਬਰ ਨੂੰ 22 ਜ਼ਿਲ੍ਹਾ ਪਰਿਸ਼ਦਾਂ ਅਤੇ 153 ਪੰਚਾਇਤ ਸਮਿਤੀਆਂ ਲਈ ਵੋਟਾਂ ਪੈਣੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਅਤੇ ਪੁਲੀਸ ਅਧਿਕਾਰੀਆਂ ਦਰਮਿਆਨ ਕਥਿਤ ਗੱਲਬਾਤ ਵਾਲੀ ਆਡੀਓ ਨਸ਼ਰ ਕੀਤੇ ਜਾਣ ਨਾਲ ਸਿਆਸੀ ਪਾਰਾ ਚੜ੍ਹ ਗਿਆ। ਇਸ ਆਡੀਓ ’ਚ ਪੁਲੀਸ ਅਧਿਕਾਰੀਆਂ ਨੂੰ ਕਥਿਤ ਨਿਰਦੇਸ਼ ਦਿੱਤੇ ਗਏ ਕਿ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਰੋਕਿਆ ਜਾਵੇ। ਸੂਬਾਈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਸ ਬਾਰੇ ਪੰਜਾਬ ਦੇ ਡੀ ਜੀ ਪੀ ਤੋਂ ਰਿਪੋਰਟ ਤਲਬ ਕਰ ਲਈ ਹੈ। ਪਟਿਆਲਾ ਦੇ ਡੀ ਆਈ ਜੀ ਕੁਲਦੀਪ ਚਾਹਲ ਨੇ ਵੀ ਪ੍ਰਦੇਸ਼ ਚੋਣ ਕਮਿਸ਼ਨ ਨੂੰ ਇਹ ਆਡੀਓ ਕਲਿੱਪ ਏ ਆਈ ਦੁਆਰਾ ਤਿਆਰ ਕੀਤੇ ਜਾਣ ਬਾਰੇ ਲਿਖਿਆ ਹੈ। ਚੋਣ ਅਧਿਕਾਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਪਟਿਆਲਾ ’ਚ ਇਸ ਆਡੀਓ ਦੇ ਏ ਆਈ ਦੁਆਰਾ ਤਿਆਰ ਕੀਤੇ ਜਾਣ ਦੀ ਦਰਜ ਐੱਫ ਆਈ ਆਰ ਬਾਰੇ ਵੀ ਡੀ ਜੀ ਪੀ ਤੋਂ ਜਾਣਕਾਰੀ ਮੰਗੀ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮਗਰੋਂ ਡੀ ਜੀ ਪੀ ਨੇ ਏ ਡੀ ਜੀ ਪੀ ਐੱਸ ਪੀ ਐੱਸ ਪਰਮਾਰ ਨੂੰ ਆਡੀਓ ਕਲਿੱਪ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਰਾਜ ਚੋਣ ਕਮਿਸ਼ਨ ਪਟਿਆਲਾ ਜ਼ਿਲ੍ਹੇ ਨੂੰ ਅਤਿ ਸੰਵੇਦਨਸ਼ੀਲ ਮੰਨ ਰਿਹਾ ਹੈ ਅਤੇ ਅੱਧੀ ਦਰਜਨ ਪੁਲੀਸ ਅਬਜ਼ਰਵਰ ਵੀ ਸੂਬੇ ’ਚ ਭੇਜੇ ਗਏ ਹਨ। ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਦਿਨ ਅੱਜ ਪਟਿਆਲਾ ਜ਼ਿਲ੍ਹਾ ਸਿਆਸੀ ਘਮਸਾਣ ਦਾ ਕੇਂਦਰ ਬਣਿਆ ਰਿਹਾ।

Advertisement

ਵੇਰਵਿਆਂ ਅਨੁਸਾਰ ਡੇਰਾ ਬਾਬਾ ਨਾਨਕ ਦੇ ਤਹਿਸੀਲ ਕੰਪਲੈਕਸ ’ਚ ਕਾਂਗਰਸ ਅਤੇ ‘ਆਪ’ ਵਰਕਰਾਂ ਵਿਚਾਲੇ ਤਿੱਖੀ ਝੜਪ ਹੋਈ ਅਤੇ ਕਾਂਗਰਸੀ ਆਗੂ ਨਰਿੰਦਰ ਸਿੰਘ ਸਮੇਤ ਦੋ ਜਣਿਆਂ ਦੀਆਂ ਪੱਗਾਂ ਵੀ ਉਤਰ ਗਈਆਂ। ‘ਆਪ’ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਕਾਂਗਰਸੀ ਨੇਤਾ ਉਦੇਵੀਰ ਸਿੰਘ ਰੰਧਾਵਾ ਦਰਮਿਆਨ ਤਿੱਖੀ ਬਹਿਸ ਵੀ ਹੋਈ।

Advertisement

ਮਜੀਠਾ ’ਚ ਅਕਾਲੀ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕਰਨ ਵਾਸਤੇ ਕੰਪਲੈਕਸ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਵਿਧਾਇਕ ਗਨੀਵ ਕੌਰ ਮਜੀਠੀਆ ਨੇ ‘ਆਪ’ ਸਰਕਾਰ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਰਾਜਾਸਾਂਸੀ ਇਲਾਕੇ ’ਚ ਪਾਰਟੀ ਉਮੀਦਵਾਰ ਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਾਏ ਅਤੇ ਭੁਲੱਥ ’ਚ ਵੀ ਧੱਕਾਮੁੱਕੀ ਹੋਣ ਦੀ ਗੱਲ ਆਖੀ। ਇਕ ਹੋਰ ਕਾਂਗਰਸੀ ਆਗੂ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਉਮੀਦਵਾਰਾਂ ਦੀਆਂ ਫਾਈਲਾਂ ਪਾੜ ਦਿੱਤੀਆਂ ਗਈਆਂ। ਅਕਾਲੀ ਆਗੂਆਂ ਨੇ ਅੱਠ ਉਮੀਦਵਾਰਾਂ ਦੀਆਂ ਫਾਈਲਾਂ ਪਾੜੇ ਜਾਣ ਦੀ ਗੱਲ ਆਖੀ।

ਸਭ ਤੋਂ ਵੱਧ ਹੰਗਾਮਾ ਪਟਿਆਲਾ ਜ਼ਿਲ੍ਹੇ ’ਚ ਹੋਇਆ। ਸਨੌਰ ’ਚ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਨੇ ‘ਆਪ’ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀ ਉਮੀਦਵਾਰ ਦੀਆਂ ਫਾਈਲਾਂ ਖੋਹ ਕੇ ਭੱਜ ਗਏ। ਘਨੌਰ ’ਚ ਵਿਰੋਧੀ ਉਮੀਦਵਾਰਾਂ ਨੂੰ ਗੇਟ ਟੱਪ ਕੇ ਅੰਦਰ ਜਾਣਾ ਪਿਆ। ਰਾਜਪੁਰਾ ’ਚ ਇੱਕ ਵਿਅਕਤੀ ਵਿਰੋਧੀ ਉਮੀਦਵਾਰ ਦੇ ਕਾਗ਼ਜ਼ ਖੋਹ ਕੇ ਫ਼ਰਾਰ ਹੋ ਗਿਆ।

ਸਮਾਣਾ ਹਲਕੇ ’ਚ ਕਾਂਗਰਸ ਦੇ ਜ਼ਿਲ੍ਹਾ ਪਰਿਸ਼ਦ ਲਈ ਉਮੀਦਵਾਰ ਜਗਵਿੰਦਰ ਸਿੰਘ ਨੇ ਇਲਜ਼ਾਮ ਲਾਏ ਕਿ ਉਸ ਦੇ ਨਾਮਜ਼ਦਗੀ ਕਾਗ਼ਜ਼ ਪਾੜ ਦਿੱਤੇ ਗਏ ਹਨ ਅਤੇ ਇੱਕ ਹੋਰ ਉਮੀਦਵਾਰ ਦੇ ਕਾਗ਼ਜ਼ ਖੋਹ ਕੇ ਭੱਜਣ ਵਾਲੇ ਨੂੰ ਲੋਕਾਂ ਨੇ ਮੌਕੇ ’ਤੇ ਫੜ ਲਿਆ। ਨਾਭਾ ’ਚ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ ਦੇ ਨਾਮਜ਼ਦਗੀ ਪੱਤਰ ਖੋਹ ਲਏ ਗਏ ਸਨ ਪਰ ਉਹ ਮੁੜ ਕਾਗ਼ਜ਼ ਦਾਖਲ ਕਰਨ ਵਿਚ ਸਫਲ ਹੋ ਗਈ। ਦੁਆਬੇ ਵਿੱਚ ਕੋਈ ਵੱਡੇ ਹੰਗਾਮੇ ਨਹੀਂ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਵੀ ਕਿਸੇ ਵੱਡੀ ਘਟਨਾ ਦੀ ਸੂਚਨਾ ਨਹੀਂ ਹੈ।

ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖ਼ਰੀ ਦਿਨ ਹੋਣ ਕਰਕੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ’ਚ ਭੀੜ ਲੱਗੀ ਰਹੀ। ‘ਆਪ’ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੇ ਆਪੋ ਆਪਣੇ ਹਲਕਿਆਂ ’ਚ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਾਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਸ਼ਾਂਤੀਪੂਰਵਕ ਹੋਣਗੀਆਂ ਅਤੇ ਜੇ ਕੋਈ ਅਧਿਕਾਰੀ ਕੁਤਾਹੀ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ’ਚ ਵਿਰੋਧੀਆਂ ਨੂੰ ਕਾਗ਼ਜ਼ ਦਾਖਲ ਕੀਤੇ ਜਾਣ ਤੋਂ ਰੋਕੇ ਜਾਣ ਨਾਲ ਸਬੰਧਤ ਪਟਿਆਲਾ ਪੁਲੀਸ ਦੇ ਉੱਚ ਅਫਸਰਾਂ ਦੀ ਆਡੀਓ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਅਤੇ ਸਬੰਧਤ ਧਿਰਾਂ ਨੂੰ ਸੋਮਵਾਰ ਨੂੰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਨੇ ਸੁਣਵਾਈ ਕੀਤੀ। ਪਟੀਸ਼ਨ ’ਚ ਪਟਿਆਲਾ ਦੇ ਐੱਸ ਐੱਸ ਪੀ ਨੂੰ ਧਿਰ ਬਣਾਇਆ ਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਕਿ ਆਡੀਓ ’ਚ ਪੁਲੀਸ ਅਧਿਕਾਰੀ ਵਿਰੋਧੀ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਤੱਕ ਨਾ ਪਹੁੰਚਣ ਦੇਣ ਦੀ ਹਦਾਇਤ ਕਰ ਰਿਹਾ ਹੈ। ਪਟੀਸ਼ਨ ’ਚ ਕਿਹਾ ਗਿਆ ਕਿ ਪੁਲੀਸ ਅਫਸਰਾਂ ਦੇ ਇਹ ਨਿਰਦੇਸ਼ ਆਦਰਸ਼ ਚੋਣ ਜ਼ਾਬਤਾ ਅਤੇ ਸੰਵਿਧਾਨ ਦੀ ਧਾਰਾ 14, 19 ਅਤੇ 21 ਦੀ ਉਲੰਘਣਾ ਹੈ। ਬੈਂਚ ਨੇ ਜਦੋਂ ਸਵਾਲ ਕੀਤਾ ਕਿ ਇਸ ਬਾਰੇ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਗਈ ਹੈ ਜਾਂ ਨਹੀਂ ਤਾਂ ਅਰਜ਼ੀਕਾਰ ਨੇ ਸ਼ਿਕਾਇਤ ਦੀ ਕਾਪੀ ਪੇਸ਼ ਕੀਤੀ। ਐਡਵੋਕੇਟ ਜਨਰਲ ਐੱਮ ਐੱਸ ਬੇਦੀ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਅਤੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਹੈ।

Advertisement
×