ਪੰਜਾਬ ’ਚ ਪ੍ਰਜਨਨ ਦਰ 11.8 ਫ਼ੀਸਦ ਤੱਕ ਡਿੱਗੀ
ਦਿਹਾਤੀ ਖੇਤਰ ਵਿੱਚ 11.1 ਤੇ ਸ਼ਹਿਰੀ ਖੇਤਰ ਵਿੱਚ 12.5 ਫ਼ੀਸਦ ਦਾ ਨਿਘਾਰ ਦਰਜ
ਪੰਜਾਬ ਵਿੱਚ ਪ੍ਰਜਨਨ ਦਰ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿੱਚ ਕੁੱਲ ਪ੍ਰਜਨਨ ਦਰ 11.8 ਫ਼ੀਸਦ ਤੱਕ ਡਿੱਗ ਗਈ ਹੈ। ਇਸ ਵਿੱਚ ਦਿਹਾਤੀ ਖੇਤਰ ਦੀ ਪ੍ਰਜਨਨ ਦਰ ’ਚ 11.1 ਫ਼ੀਸਦ ਤੇ ਸ਼ਹਿਰੀ ਖੇਤਰ ਵਿੱਚ 12.5 ਫ਼ੀਸਦ ਦਾ ਨਿਘਾਰ ਦਰਜ ਕੀਤਾ ਗਿਆ ਹੈ। ਇਹ ਖੁਲਾਸਾ ਕੇਂਦਰ ਸਰਕਾਰ ਵੱਲੋਂ ਸੈਂਪਲ ਰਜਿਸਟਰੇਸ਼ਨ ਸਟੈਟਿਸਟਿਕਲ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਵਿੱਚ ਪ੍ਰਜਨਨ ਦਰ ਦੇ ਨਿਘਾਰ ਦਾ ਮੁੱਖ ਕਾਰਨ ਲੋਕਾਂ ਦੀ ਬਦਲ ਰਹੀ ਜੀਵਨਸ਼ੈਲੀ ਨੂੰ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2011-13 ਦੌਰਾਨ ਪੰਜਾਬ ਦੀ ਪ੍ਰਜਨਨ ਦਰ 1.7 ਸੀ ਜੋ ਕਿ 2021-23 ਵਿੱਚ ਘੱਟ ਕੇ 1.5 ਰਹਿ ਗਈ ਹੈ। ਇਸ ਤਰ੍ਹਾਂ ਪ੍ਰਜਨਨ ਦਰ ਵਿੱਚ 11.8 ਫ਼ੀਸਦ ਦਾ ਨਿਘਾਰ ਦਰਜ ਕੀਤਾ ਗਿਆ ਹੈ। ਹਾਲਾਂਕਿ, ਦੇਸ਼ ਦੇ ਹੋਰਨਾਂ ਸੂਬਿਆਂ ’ਚ ਪ੍ਰਜਨਨ ਦਰ ਵਿੱਚ ਪੰਜਾਬ ਨਾਲੋਂ ਵੱਧ ਨਿਘਾਰ ਆਇਆ ਹੈ। ਪੰਜਾਬ ਦੇ ਦਿਹਾਤੀ ਖੇਤਰ ਵਿੱਚ ਸਾਲ 2011-13 ’ਚ ਪ੍ਰਜਨਨ ਦਰ 1.8 ਸੀ ਜੋ ਕਿ ਸਾਲ 2021-23 ਵਿੱਚ ਘੱਟ ਕੇ 1.6 ਰਹਿ ਗਈ ਹੈ ਅਤੇ ਇਸ ਤਰ੍ਹਾਂ ਇਸ ਵਿੱਚ 11.1 ਫ਼ੀਸਦ ਦਾ ਨਿਘਾਰ ਦਰਜ ਕੀਤਾ ਗਿਆ ਹੈ। ਸ਼ਹਿਰੀ ਖੇਤਰ ਵਿੱਚ 2011-13 ’ਚ ਪ੍ਰਜਨਨ ਦਰ 1.6 ਸੀ ਜੋ ਕਿ 2021-23 ਵਿੱਚ 1.4 ਰਹਿ ਗਈ। ਇਸ ਵਿੱਚ 12.5 ਫ਼ੀਸਦ ਦਾ ਨਿਘਾਰ ਦੇਖਿਆ ਗਿਆ ਹੈ। ਦੂਜੇ ਪਾਸੇ, ਕੌਮੀ ਪੱਧਰ ’ਤੇ ਪ੍ਰਜਨਨ ਦਰ ਵਿੱਚ ਵੀ ਨਿਘਾਰ ਦਰਜ ਕੀਤਾ ਗਿਆ ਹੈ। ਸਾਲ 2011-13 ’ਚ ਪ੍ਰਜਨਨ ਦਰ 2.4 ਸੀ, ਜੋ ਕਿ 10 ਸਾਲ ਬਾਅਦ 2021-23 ਵਿੱਚ ਘੱਟ ਕੇ 2 ਰਹਿ ਗਈ ਹੈ। ਇਸ ਵਿੱਚ 16.7 ਫ਼ੀਸਦ ਦਾ ਨਿਘਾਰ ਦਰਜ ਕੀਤਾ ਗਿਆ ਹੈ। ਸੈਂਪਲ ਰਜਿਸਟਰੇਸ਼ਨ ਸਟੈਟਿਸਟਿਕਲ ਰਿਪੋਰਟ ਵਿੱਚ ਪ੍ਰਜਨਨ ਦਰ ਘਟਣ ਦਾ ਮੁੱਖ ਕਾਰਨ ਵਧ ਰਿਹਾ ਸ਼ਹਿਰੀਕਰਨ, ਔਰਤਾਂ ਵਿੱਚ ਸਿੱਖਿਆ ਤੇ ਕੰਮ ਦੇ ਵਧ ਰਹੇ ਦਬਾਅ ਨੂੰ ਮੰਨਿਆ ਗਿਆ ਹੈ।