DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੈਂਟੇਨਿਲ ਦੀ ਤਸਕਰੀ: ਅਮਰੀਕਾ ਵੱਲੋਂ ਕਈ ਭਾਰਤੀ ਕਾਰੋਬਾਰੀਆਂ ਦੇ ਵੀਜ਼ੇ ਰੱਦ

ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਤੇ ਸੰਸਥਾਵਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ
  • fb
  • twitter
  • whatsapp
  • whatsapp
Advertisement

ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਫੈਂਟੇਨਿਲ ਡਰੱਗ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਕੁਝ ਭਾਰਤੀ ਕਾਰੋਬਾਰੀਆਂ ਅਤੇ ਕਾਰਪੋਰੇਟਰਾਂ ਦੇ ਵੀਜ਼ੇ ਰੱਦ ਕਰਨ ਤੋਂ ਇਲਾਵਾ ਕੁਝ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹਾਲਾਂਕਿ, ਅਮਰੀਕੀ ਸਫ਼ਾਰਤਖਾਨੇ ਨੇ ਇਹ ਕਾਰਵਾਈ ਜਨਤਕ ਕਰਦਿਆਂ ਇਨ੍ਹਾਂ ਕਾਰੋਬਾਰੀ ਆਗੂਆਂ ਦੀ ਪਛਾਣ ਨਸ਼ਰ ਨਹੀਂ ਕੀਤੀ, ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ। ਹਾਲ ਦੀ ਘੜੀ, ਇਸ ਮਸਲੇ ’ਤੇ ਭਾਰਤ ਸਰਕਾਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਅਮਰੀਕੀ ਰਾਜਦੂਤ ਜੋਰਗਨ ਐਂਡਰਿਊਜ਼ ਨੇ ਕਿਹਾ ਨਸ਼ਿਆਂ ਦੇ ਗੈਰ-ਕਾਨੂੰਨੀ ਉਤਪਾਦਨ ਤੇ ਇਨ੍ਹਾਂ ਦੀ ਅਮਰੀਕਾ ਵਿੱਚ ਤਸਕਰੀ ’ਚ ਸ਼ਾਮਲ ਵਿਅਕਤੀਆਂ ਤੇ ਸੰਸਥਾਵਾਂ ਨੂੰ ਨਤੀਜੇ ਭੁਗਤਣੇ ਪੈਣਗੇ। ਭਾਰਤ ਵਿੱਚ ਸਥਿਤ ਅਮਰੀਕੀ ਸਫ਼ਾਰਤਖਾਨੇ ਨੇ ਕਿਹਾ, ‘ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕੀ ਨਾਗਰਿਕਾਂ ਨੂੰ ਖ਼ਤਰਨਾਕ ਸਿੰਥੈਟਿਕ ਨਸ਼ੀਲੇ ਪਦਾਰਥਾਂ ਤੋਂ ਬਚਾਉਣ ਦੇ ਯਤਨਾਂ ਤਹਿਤ ਨਵੀਂ ਦਿੱਲੀ ’ਚ ਸਥਿਤ ਅਮਰੀਕੀ ਸਫ਼ਾਰਤਖਾਨੇ ਨੇ ਫੈਂਟੇਨਿਲ ਡਰੱਗ ਦੀ ਤਸਕਰੀ ਦੇ ਦੋਸ਼ ਹੇਠ ਕੁਝ ਕਾਰੋਬਾਰੀਆਂ ਅਤੇ ਕਾਰਪੋਰੇਟ ਆਗੂਆਂ ਦੇ ਵੀਜ਼ੇ ਰੱਦ ਕੀਤੇ ਹਨ।’ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ‘ਅਮਰੀਕਾ ’ਚ ਪਰਵਾਸ ਅਤੇ ਨਾਗਰਿਕਤਾ ਐਕਟ’ ਦੀ ਧਾਰਾ 221 (ਆਈ), 212 (ਏ) (2) (ਸੀ) ਅਤੇ ਧਾਰਾ 214 (ਬੀ) ਤਹਿਤ ਕੀਤੀ ਗਈ ਹੈ। ਇਸ ਕਾਰਵਾਈ ਮਗਰੋਂ ਇਹ ਵਿਅਕਤੀ ਤੇ ਇਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹੁਣ ਅਮਰੀਕਾ ਨਹੀਂ ਜਾ ਸਕਣਗੇ।

Advertisement

ਦੱਸਣਯੋਗ ਹੈ ਕਿ ਫੈਂਟੇਨਿਲ ਸ਼ਕਤੀਸ਼ਾਲੀ ਸਿੰਥੈਟਿਕ ਡਰੱਗ ਹੈ। ਇਨ੍ਹੀਂ ਦਿਨੀਂ ਅਮਰੀਕਾ ਵਿੱਚ ਇਸ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ’ਚ ਵਾਧਾ ਹੋਣ ਦੀਆਂ ਰਿਪੋਰਟਾਂ ਹਨ। ਸਫ਼ਾਰਤਖਾਨੇ ਨੇ ਦੱਸਿਆ ਕਿ ਇਸ ਵੱਲੋਂ ਇਸ ਡਰੱਗ ਦੀ ਤਸਕਰੀ ’ਚ ਕਥਿਤ ਤੌਰ ’ਤੇ ਸ਼ਾਮਲ ਰਹੀਆਂ ਇਨ੍ਹਾਂ ਕੰਪਨੀਆਂ ਦੇ ਮੁਲਾਜ਼ਮਾਂ ਵੱਲੋਂ ਭਵਿੱਖ ’ਚ ਅਮਰੀਕੀ ਵੀਜ਼ੇ ਲਈ ਅਪਲਾਈ ਕੀਤੇ ਜਾਣ ਸਬੰਧੀ ਸੁਚੇਤ ਰਹਿਣ ਲਈ ਆਖਿਆ ਗਿਆ ਹੈ।

ਫੈਂਟੇਨਿਲ ਅਤੇ ਤਸਕਰਾਂ ਨੂੰ ਰੋਕਣਾ ਅਮਰੀਕਾ ਦੀ ਮੁੱਖ ਤਰਜੀਹ ਕਰਾਰ

ਅਮਰੀਕੀ ਸਫ਼ਾਰਤਖਾਨੇ ਨੇ ਕਿਹਾ ਕਿ ਫੈਂਟੇਨਿਲ ਡਰੱਗ ਤੇ ਇਸ ਦੇ ਤਸਕਰਾਂ ਨੂੰ ਰੋਕਣਾ ਅਮਰੀਕਾ ਦੀ ਮੁੱਖ ਤਰਜੀਹ ਹੈ। ਸ੍ਰੀ ਐਡਰਿਊਜ਼ ਨੇ ਕਿਹਾ,‘ਅਸੀਂ ਇਸ ਸਾਂਝੀ ਚੁਣੌਤੀ ਨਾਲ ਨਜਿੱਠਣ ਵਿੱਚ ਭਾਰਤ ’ਚ ਸਾਡੇ ਭਾਈਵਾਲਾਂ ਵੱਲੋਂ ਦਿੱਤੇ ਸਹਿਯੋਗ ਲਈ ਸ਼ੁਕਰਗੁਜ਼ਾਰ ਹਾਂ।’ ਅਮਰੀਕੀ ਸਫ਼ਾਰਤਖਾਨੇ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਵੱਲੋਂ ਕਈ ਕਾਰਜਕਾਰੀ ਆਦੇਸ਼ ਪਾਸ ਕਰ ਕੇ ਇਸ ਸਮੱਸਿਆ ਨਾਲ ਨਜਿੱਠਣ ਲਈ ਅਹਿਮ ਕਦਮ ਚੁੱਕੇ ਗਏ ਹਨ। ਇਨ੍ਹਾਂ ਆਦੇਸ਼ਾਂ ਨਾਲ ਸਾਡੀਆਂ ਸਰਹੱਦਾਂ ਸੁਰੱਖਿਅਤ ਕਰਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਨਾਲ ਨਜਿੱਠਣ ਅਤੇ ਨਸ਼ਾ ਸਪਲਾਈ ਕਰਨ ਵਾਲੇ ਮੁਲਕਾਂ ਨੂੰ ਸੁਧਾਰ ਲਿਆਉਣ ਲਈ ਪਹਿਲਕਦਮੀ ਲਈ ਕਹਿਣ ’ਚ ਮਦਦ ਮਿਲੇਗੀ। ਅਮਰੀਕੀ ਸਫ਼ਾਰਤਖਾਨੇ ਨੇ ਕਿਹਾ, ‘ਇਕੱਠੇ ਰਲ ਕੇ ਅਸੀਂ ਅਮਰੀਕਾ ਅਤੇ ਭਾਰਤ ਲਈ ਸੁਰੱਖਿਅਤ, ਸਿਹਤਮੰਦ ਤੇ ਮਜ਼ਬੂਤ ਭਵਿੱਖ ਤਿਆਰ ਕਰਾਂਗੇ।

Advertisement
×