ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਫਲਿੱਪਕਾਰਟ ਨੂੰ ਕਿਹਾ ਹੈ ਕਿ ਜੇ ਉਹ ਫੇਮਾ ਦੀ ਉਲੰਘਣਾ ਦੇ ਮਾਮਲੇ ’ਚ ਜੁਰਮਾਨਾ ਭਰ ਕੇ ਆਪਣੀ ਗਲਤੀ ਸਵੀਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕੇਸ ਬੰਦ ਕੀਤਾ ਜਾ ਸਕਦਾ ਹੈ। ਈ ਡੀ ਨੇ ਪਿਛਲੇ ਹਫ਼ਤੇ ਫਲਿੱਪਕਾਰਟ ਨੂੰ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ) ਦੇ ਕੰਪਾਊਂਡਿੰਗ ਨਿਯਮਾਂ ਤਹਿਤ ਇਹ ਸੁਝਾਅ ਦਿੱਤਾ ਹੈ। ਇੱਕ ਸੂਤਰ ਨੇ ਕਿਹਾ, ‘ਈ ਡੀ ਨੇ ਫਲਿੱਪਕਾਰਟ ਨੂੰ ਕੰਪਾਊਂਡਿੰਗ ਦਾ ਬਦਲ ਦਿੱਤਾ ਹੈ। ਈ ਡੀ ਨੇ ਫਲਿੱਪਕਾਰਟ ਨੂੰ ਆਪਣੀ ਗਲਤੀ ਸਵੀਕਾਰ ਕਰਨ, ਜੁਰਮਾਨਾ ਭਰਨ ਤੇ ਉਸ ਨਾਲ ਜੁੜੇ ਵਿਕਰੇਤਾ ਨੈੱਟਵਰਕ ਨੂੰ ਖਤਮ ਕਰਨ ਲਈ ਕਿਹਾ ਹੈ।’ ਇਸ ਸਬੰਧ ਵਿੱਚ ਫਲਿੱਪਕਾਰਟ ਨੂੰ ਭੇਜੀ ਗਈ ਈਮੇਲ ਦਾ ਕੋਈ ਜਵਾਬ ਨਹੀਂ ਮਿਲਿਆ। ਈ ਡੀ ਨੇ ਐਮੇਜ਼ੋਨ ਇੰਡੀਆ ਦੀ ਸਥਿਤੀ ਦੀ ਜਾਂਚ ਲਈ ਉਸ ਨੂੰ ਵੀ ਤਲਬ ਕੀਤਾ ਸੀ। ਸੰਪਰਕ ਕਰਨ ’ਤੇ ਐਮੇਜ਼ੋਨ ਇੰਡੀਆ ਦੇ ਬੁਲਾਰੇ ਨੇ ਕਿਹਾ, ‘ਅਸੀਂ ਚੱਲ ਰਹੀ ਜਾਂਚ ’ਤੇ ਟਿੱਪਣੀ ਨਹੀਂ ਕਰਦੇ।’