ਭਾਰਤ ’ਚ ਰੂਸੀ ਤੇਲ ਦੀ ਦਰਾਮਦ ’ਤੇ ਅਸਰ ਪੈਣ ਦਾ ਖ਼ਦਸ਼ਾ
ਕੰਪਨੀਆਂ ’ਤੇ ਅਮਰੀਕੀ ਪਾਬੰਦੀਆਂ ਕਾਰਨ ਤੇਲ ਖ਼ਰੀਦ ਘਟਣ ਦਾ ਅਨੁਮਾਨ
ਰੂਸੀ ਕੱਚੇ ਤੇਲ ਦੇ ਦਰਾਮਦਕਾਰਾਂ ’ਤੇ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਪੂਰੀ ਤਰ੍ਹਾਂ ਲਾਗੂ ਹੋਣ ਮਗਰੋਂ ਭਾਰਤ ’ਚ ਰੂਸੀ ਤੇਲ ਦੀ ਦਰਾਮਦ ’ਤੇ ਨੇੜ ਭਵਿੱਖ ’ਚ ਅਸਰ ਪੈ ਸਕਦਾ ਹੈ। ਉਂਝ ਮਾਹਿਰਾਂ ਦਾ ਮੰਨਣਾ ਹੈ ਕਿ ਰੂਸੀ ਤੇਲ ਦੀ ਦਰਾਮਦ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗੀ।
ਰੋਸਨੈਫਟ ਅਤੇ ਲੁਕੋਇਲ ਤੇ ਉਨ੍ਹਾਂ ਦੀਆਂ ਮਾਲਕੀ ਵਾਲੀਆਂ ਸਹਾਇਕ ਕੰਪਨੀਆਂ ’ਤੇ ਅਮਰੀਕੀ ਪਾਬੰਦੀ 21 ਨਵੰਬਰ ਤੋਂ ਲਾਗੂ ਹੋ ਗਈ ਹੈ। ਇਸ ਨਾਲ ਹੁਣ ਇਨ੍ਹਾਂ ਕੰਪਨੀਆਂ ਦਾ ਕੱਚਾ ਤੇਲ ਖ਼ਰੀਦਣਾ ਜਾਂ ਵੇਚਣਾ ਲਗਭਗ ਮੁਸ਼ਕਲ ਹੋ ਗਿਆ ਹੈ। ਭਾਰਤ ਨੇ ਮੌਜੂਦਾ ਵਰ੍ਹੇ ਔਸਤਨ 17 ਲੱਖ ਬੈਰਲ ਪ੍ਰਤੀ ਦਿਨ ਰੂਸੀ ਤੇਲ ਦੀ ਦਰਾਮਦ ਕੀਤੀ। ਨਵੰਬਰ ’ਚ ਦਰਾਮਦ 18-19 ਲੱਖ ਬੈਰਲ ਪ੍ਰਤੀ ਦਿਨ ਰਹਿਣ ਦਾ ਅੰਦਾਜ਼ਾ ਹੈ ਕਿਉਂਕਿ ਰਿਫਾਇਨਰੀਆਂ ਸਸਤੇ ਤੇਲ ਦੀ ਖ਼ਰੀਦ ਵਧਾ ਰਹੀਆਂ ਹਨ। ਅਗਲੇ ਮਹੀਨੇ ਅਤੇ ਜਨਵਰੀ ’ਚ ਸਪਲਾਈ ’ਚ ਗਿਰਾਵਟ ਦਰਜ ਹੋਣ ਦਾ ਖ਼ਦਸ਼ਾ ਹੈ।
ਮਾਹਿਰਾਂ ਮੁਤਾਬਕ ਇਹ ਘੱਟ ਕੇ ਕਰੀਬ 4 ਲੱਖ ਬੈਰਲ ਪ੍ਰਤੀ ਦਿਨ ਰਹਿ ਸਕਦੀ ਹੈ। ਰਵਾਇਤੀ ਤੌਰ ’ਤੇ ਪੱਛਮੀ ਏਸ਼ਿਆਈ ਤੇਲ ’ਤੇ ਨਿਰਭਰ ਭਾਰਤ ਨੇ ਫਰਵਰੀ 2022 ’ਚ ਯੂਕਰੇਨ ’ਤੇ ਹਮਲੇ ਮਗਰੋਂ ਰੂਸ ਤੋਂ ਆਪਣੀ ਤੇਲ ਦਰਾਮਦ ’ਚ ਵਾਧਾ ਕਰ ਦਿੱਤਾ ਸੀ। ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਅਤੇ ਯੂਰੋਪੀਅਨ ਮੰਗ ’ਚ ਕਮੀ ਕਾਰਨ ਰੂਸ ਤੋਂ ਤੇਲ ਬਹੁਤ ਸਸਤੇ ਭਾਅ ’ਤੇ ਮਿਲਿਆ। ਇਸ ਦੇ ਨਤੀਜੇ ਵਜੋਂ ਭਾਰਤ ਦੀ ਰੂਸੀ ਕੱਚੇ ਤੇਲ ਦੀ ਦਰਾਮਦ ਇਕ ਫ਼ੀਸਦ ਤੋਂ ਵਧ ਕੇ ਲਗਭਗ 40 ਫ਼ੀਸਦ ਤੱਕ ਪਹੁੰਚ ਗਈ ਸੀ। ਪਾਬੰਦੀਆਂ ਲਾਗੂ ਹੋਣ ਕਾਰਨ ਰਿਲਾਇੰਸ ਇੰਡਸਟਰੀਜ਼, ਐੱਚ ਪੀ ਸੀ ਐੱਲ-ਮਿੱਤਲ ਐਨਰਜੀ ਅਤੇ ਮੰਗਲੌਰ ਰਿਫਾਇਨਰੀ ਜਿਹੀਆਂ ਕੰਪਨੀਆਂ ਨੇ ਹਾਲੇ ਰੂਸੀ ਤੇਲ ਦੀ ਖ਼ਰੀਦ ਰੋਕ ਦਿੱਤੀ ਹੈ।

