Farooq Abdullah: ਦੁੱਲਤ ਦੀ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰੀ
ਜੰਮੂ, 16 ਅਪਰੈਲ
ਖ਼ੁਫ਼ੀਆ ਏਜੰਸੀ ‘ਰਾਅ’ ਦੇ ਸਾਬਕਾ ਮੁਖੀ ਏਐੱਸ ਦੁੱਲਤ ਦੀ ਕਿਤਾਬ ‘ਦਿ ਪ੍ਰਾਈਮ ਮਿਨਿਸਟਰ ਐਂਡ ਸਪਾਈ’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਦੁੱਲਤ ਨੇ ਕਿਤਾਬ ’ਚ ਦਾਅਵਾ ਕੀਤਾ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ’ਚੋਂ ਧਾਰਾ 370 ਨੂੰ ਮਨਸੂਖ ਕਰਨ ਦੀ ‘‘ਨਿੱਜੀ ਤੌਰ ’ਤੇ ਹਮਾਇਤ’’ ਕੀਤੀ ਸੀ। ਜਦਕਿ ਫਾਰੂਕ ਅਬਦੁੱਲਾ ਨੇ ਦੁੱਲਤ ਦੇ ਦਾਅਵੇ ਨੂੰ ਖਾਰਜ ਕਰਦਿਆਂ ਇਸ ਨੂੰ ਕਿਤਾਬ ਦੀ ਵਿਕਰੀ ਵਧਾਉਣ ਵਾਲਾ ‘ਹੱਥਕੰਡਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁੱਲਤ ਵੱਲੋਂ ਕਿਤਾਬ ‘ਦਿ ਪ੍ਰਾਈਮ ਮਿਨਿਸਟਰ ਐਂਡ ਸਪਾਈ’, ਜਿਹੜੀ 18 ਅਪਰੈਲ ਨੂੰ ਰਿਲੀਜ਼ ਹੋਣੀ ਹੈ, ਲਿਖਣ ਪਿੱਛੇ ਮਨੋਰਥ ਸੱਤਾ ਗਲਿਆਰਿਆਂ ’ਚ ਪਹੁੰਚਣਾ ਜਾਂ ਬਹੁਤ ਸਾਰਾ ਪੈਸਾ ਇਕੱਠਾ ਕਰਨਾ ਹੋ ਸਕਦਾ ਹੈ। ਅਬਦੁੱਲਾ ਨੇ ਕਿਹਾ, ‘‘ਸੰਭਵ ਹੈ ਕਿ ਉਹ ਕੋਈ ਨਵਾਂ ਰਿਸ਼ਤਾ ਬਣਾਉਣਾ ਚਾਹੁੰਦੇ ਹੋਣ।’’
ਦੁੱਲਤ ਵੱਲੋਂ ਕਿਤਾਬ ’ਚ ਕੀਤੇ ਦਾਅਵੇ ਕਿ ਜੇਕਰ ਨੈਸ਼ਨਲ ਕਾਨਫਰੰਸ (ਐੱਨਸੀ) ਨੂੰ ਭਰੋਸੇ ’ਚ ਲਿਆ ਗਿਆ ਹੁੰਦਾ ਤਾਂ ਉਸ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਰੱਦ ਕਰਨ ਦੀ ਤਜਵੀਜ਼ ਪਾਸ ਕਰਨ ਦੀ ਹਮਾਇਤ ਕਰਨੀ ਸੀ, ’ਤੇ ਟਿੱਪਣੀ ਕਰਦਿਆਂ ਐੱਨਸੀ ਮੁਖੀ ਅਬਦੁੱਲਾ (87) ਨੇ ਗੁੱਸੇ ’ਚ ਕਿਹਾ ਕਿ ਇਹ ਲੇਖਕ ਦੀ ਮਹਿਜ਼ ਇੱਕ ‘ਕਲਪਨਾ’ ਹੈ।
ਫਾਰੂਕ ਅਬਦੁੱਲਾ ਨੇ ਆਖਿਆ ਕਿ 5 ਅਗਸਤ 2019 ਨੂੰ ਧਾਰਾ 370 ਮਨਸੂਖ ਕੀਤੇ ਜਾਣ ਸਮੇਂ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ ਨੂੰ ਕਈ ਮਹੀਨੇ ਨਜ਼ਰਬੰਦ ਰੱਖਿਆ ਗਿਆ ਸੀ। ਉਨ੍ਹਾਂ ਕਿਹਾ, ‘‘ਸਾਨੂੰ ਹਿਰਾਸਤ ’ਚ ਲਿਆ ਗਿਆ ਸੀ ਕਿਉਂਕਿ ਵਿਸ਼ੇਸ਼ ਦਰਜਾ ਰੱਦ ਕਰਨ ਖ਼ਿਲਾਫ਼ ਸਾਡਾ ਰੁਖ਼ ਜੱਗ-ਜ਼ਾਹਿਰ ਸੀ।’’
ਇਸੇ ਦੌਰਾਨ ਪੀਡੀਪੀ ਵਿਧਾਇਕ ਵਹੀਦ ਉਰ ਰਹਿਮਾਨ ਪਾਰਾ ਨੇ ਨੈਸ਼ਨਲ ਕਾਨਫਰੰਸ ’ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਕੇਂਦਰ ਦੀ ਹੁਕਮਰਾਨ ਭਾਜਪਾ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਆਪਣੇ ਦੋਸਤ ਏ.ਐੱਸ. ਦੁੱਲਤ ਵੱਲੋਂ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। -ਪੀਟੀਆਈ
ਦੁੱਲਤ ਨੇ ਦਿਲ ਨੂੰ ਠੇਸ ਪਹੁੰਚਾਈ: ਫਾਰੂਕ
ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਦੁੱਲਤ ਦੇ ਦਾਅਵਿਆਂ ’ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ‘‘ਸਭ ਤੋਂ ਬੁਰੀ ਗੱਲ ਇਹ ਹੈ ਕਿ ਉਹ ਮੇਰਾ ਦੋਸਤ ਹੋਣ ਦਾ ਦਾਅਵੇ ਕਰਦੇ ਹਨ ਅਤੇ ਜਿਵੇਂ ਕਿ ਕਿਹਾ ਗਿਆ ਹੈ ‘ਸਰੀਰ ਦਾ ਜ਼ਖਮ ਠੀਕ ਹੋ ਜਾਂਦਾ ਹੈ ਪਰ ਦਿਲ ’ਤੇ ਵੱਜੀ ਸੱਟ ਪੂਰੀ ਜ਼ਿੰਦਗੀ ਨਹੀਂ ਭਰਦੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਹਨ।’’