DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਨੇ ਦਰਜਨਾਂ ਥਾਵਾਂ ’ਤੇ ਰੇਲਾਂ ਰੋਕੀਆਂ

ਬਿਜਲੀ ਸੋਧ ਬਿੱਲ ਦਾ ਵਿਰੋਧ; ਦਰਜਨਾਂ ਆਗੂ ਹਿਰਾਸਤ ’ਚ ਲਏ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਦੇਵੀ ਦਾਸ ਪੁਰਾ ਨੇੜੇ ਰੇਲ ਪਟੜੀ ’ਤੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਬਿਜਲੀ ਸੋਧ ਬਿੱਲ ਖ਼ਿਲਾਫ਼ ਪੰਜਾਬ ’ਚ ਦਰਜਨਾਂ ਥਾਵਾਂ ’ਤੇ ਧਰਨੇ ਲਾ ਕੇ ਰੇਲ ਮਾਰਗ ਰੋਕੇ। ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਕਰੀਬ ਦੋ ਘੰਟੇ ਦੇ ਇਸ ਸੰਕੇਤਕ ਰੇਲ ਰੋਕੋ ਪ੍ਰੋਗਰਾਮ ਕਾਰਨ ਅੱਜ 70 ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਫ਼ਿਰੋਜ਼ਪੁਰ ’ਚ ਕਿਸਾਨਾਂ ਤੇ ਪੁਲੀਸ ਵਿਚਾਲੇ ਮਾਮੂਲੀ ਝੜਪ ਵੀ ਹੋਈ। ਪੁਲੀਸ ਨੇ ਸਵੇਰੇ ਕਈ ਕਿਸਾਨ ਹਿਰਾਸਤ ਵਿੱਚ ਵੀ ਲਏ।

ਕਿਸਾਨ ਆਗੂਆਂ ਅਨੁਸਾਰ ਪੁਲੀਸ ਨੇ ਡੇਢ ਦਰਜਨ ਥਾਵਾਂ ’ਤੇ ਕਿਸਾਨ ਰੋਕਣ ਨੂੰ ਕੋਸ਼ਿਸ਼ ਕੀਤੀ। ਇਸ ਦੌਰਾਨ ਰੇਲ ਮਾਰਗਾਂ ’ਤੇ ਬੈਠੇ ਕਿਸਾਨ ਆਗੂਆਂ ਨੇ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਤਾਂ ਕਿਸਾਨਾਂ ਨੇ ਰੇਲ ਮਾਰਗਾਂ ਤੋਂ ਧਰਨੇ ਚੁੱਕ ਲਏ।

Advertisement

ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ-ਅੰਮ੍ਰਿਤਸਰ ਰੇਲ ਮਾਰਗ, ਦੇਵੀਦਾਸਪੁਰਾ-ਮਿਹਰਬਾਨਪੁਰਾ ਫਾਟਕ, ਧਾਰੀਵਾਲ ਰੇਲਵੇ ਸਟੇਸ਼ਨ, ਅੰਮ੍ਰਿਤਸਰ-ਜੰਮੂ ਕਸ਼ਮੀਰ ਮਾਰਗ ਅਤੇ ਪਰਮਾਨੰਦ ਫਾਟਕ ਪਠਾਨਕੋਟ ’ਤੇ 30-30 ਮਿੰਟ ਤੱਕ ਜਾਮ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਤਰਨ ਤਾਰਨ ਵਿੱਚ ਮੱਲ ਮੋਹਰੀ ਤੇ ਗੋਹਲਵੜ, ਫ਼ਿਰੋਜ਼ਪੁਰ ਬਸਤੀ ਟੈਂਕਾਂ ਵਾਲੀ, ਕੋਹਰ ਸਿੰਘ ਵਾਲਾ ਗੁਰੂ ਹਰਸਹਾਇ, ਮੱਲਾਂ ਵਾਲਾ, ਤਲਵੰਡੀ ਭਾਈ ਤੇ ਮਖੂ, ਜਲੰਧਰ ਵਿੱਚ ਸ਼ਾਹਕੋਟ, ਕਪੂਰਥਲਾ ਵਿੱਚ ਡੱਡਵਿੰਡੀ, ਮੋਗਾ ਘੱਲ ਕਲਾਂ ਅਤੇ ਡਗਰੂ ਅਤੇ ਫ਼ਾਜ਼ਿਲਕਾ ਵਿੱਚ ਸ਼ੇਰ ਮੁਹੰਮਦ ਫਾਟਕ ’ਤੇ ਕਿਸਾਨਾਂ ਨੇ ਦੋ ਘੰਟੇ ਰੇਲ ਮਾਰਗ ਜਾਮ ਕੀਤਾ। ਬਠਿੰਡਾ ਜ਼ਿਲ੍ਹੇ ਦੇ ਲਹਿਰਾ ਮੁਹੱਬਤ ਵਿੱਚ ਘੰਟੇ ਦੇ ਜਾਮ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Advertisement

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਜ਼ਰੀਏ ਨਿੱਜੀਕਰਨ ਦੇ ਰਾਹ ਪੈ ਰਹੀ ਹੈ ਅਤੇ ਇਹ ਬਿੱਲ ਲੋਕ ਮਾਰੂ ਕਦਮ ਹੈ। ਇਹ ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਹੈ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਵਿਧਾਨ ਸਭਾ ਵਿੱਚ ਇਸ ਬਿੱਲ ਖ਼ਿਲਾਫ਼ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਣ। ਅੱਜ ਵੱਖ-ਵੱਖ ਥਾਈਂ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਦਿਲਬਾਗ ਸਿੰਘ ਗਿੱਲ, ਓਂਕਾਰ ਸਿੰਘ ਭੰਗਾਲਾ, ਬਲਦੇਵ ਸਿੰਘ ਜੀਰਾ, ਸੁਖਵਿੰਦਰ ਸਿੰਘ ਸਭਰਾ, ਮਲਕੀਤ ਸਿੰਘ ਗੁਲਾਮੀਵਾਲਾ ਤੇ ਜੰਗ ਸਿੰਘ ਭਟੇੜੀ ਵੀ ਰੇਲ ਰੋਕੇ ਅੰਦੋਲਨ ’ਚ ਸ਼ਾਮਲ ਹੋਏ।

Advertisement
×