ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ’ਚੋਂ ਨਿਕਲ ਕੇ ਦਾਲਾਂ ’ਤੇ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਪ੍ਰੋਟੀਨ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਦਾਲਾਂ ਦੇ ਮਿਸ਼ਨ ਤਹਿਤ ਮੋਦੀ ਨੇ 2030 ਤੱਕ ਦਾਲਾਂ ਦਾ ਰਕਬਾ 35 ਲੱਖ ਹੈਕਟੇਅਰ ਤੱਕ ਵਧਾਉਣ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ 35,440 ਕਰੋੜ ਰੁਪਏ ਦੀਆਂ ਦੋ ਵੱਡੀਆਂ ਖੇਤੀ ਯੋਜਨਾਵਾਂ ਦਾ ਅੱਜ ਆਗਾਜ਼ ਕੀਤਾ, ਜਿਨ੍ਹਾਂ ਵਿੱਚ ਦਾਲਾਂ ’ਚ ਆਤਮ-ਨਿਰਭਰਤਾ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾਂ ਕਿਸਾਨਾਂ ਨੂੰ ਮੁਲਕ ਦੀ ਬਰਾਮਦਗੀ ਨਿਰਭਰਤਾ ਘਟਾਉਣ ਅਤੇ ਆਲਮੀ ਮੰਗ ਪੂਰਾ ਕਰਨ ਲਈ ਪੈਦਾਵਾਰ ਵਧਾਉਣ ਦਾ ਸੱਦਾ ਦਿੱਤਾ। ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨਾਲ ਸਬੰਧਤ ਪ੍ਰਾਜੈਕਟਾਂ ਦੇ ਉਦਘਾਟਨ ਮਗਰੋਂ ਮੋਦੀ ਨੇ ਕਿਹਾ ਕਿ 2047 ਤੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਸਾਨਾਂ ਦੀ ਭੂਮਿਕਾ ਅਹਿਮ ਹੈ। ਪੂਸਾ ਕੈਂਪਸ ’ਚ ਭਾਰਤੀ ਖੇਤੀ ਖੋਜ ਸੰਸਥਾਨ ’ਚ ਇਹ ਪ੍ਰੋਗਰਾਮ ਸਮਾਜਵਾਦੀ ਸੁਧਾਰਕ ਜੈਪ੍ਰਕਾਸ਼ ਨਾਰਾਇਣ ਅਤੇ ਨਾਨਾਜੀ ਦੇਸ਼ਮੁਖ ਦੀ ਜੈਅੰਤੀ ਮੌਕੇ ਕਰਵਾਇਆ ਗਿਆ। ਕਰੀਬ ਅੱਧੇ ਘੰਟੇ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਣਗਹਿਲੀ ਕਾਰਨ ਕਿਸਾਨ ਅਤੇ ਕਿਸਾਨੀ ਕਮਜ਼ੋਰ ਹੋਏ ਅਤੇ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਵੱਖ ਵੱਖ ਵਿਭਾਗ ਬਿਨਾਂ ਤਾਲਮੇਲ ਦੇ ਵੱਖ ਵੱਖ ਦਿਸ਼ਾਵਾਂ ’ਚ ਕੰਮ ਕਰ ਰਹੇ ਸਨ। ਮੋਦੀ ਨੇ 24 ਹਜ਼ਾਰ ਕਰੋੜ ਰੁਪਏ ਦੀ ‘ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ’ ਅਤੇ 11,440 ਕਰੋੜ ਰੁਪਏ ਦੇ ‘ਦਾਲਾਂ ’ਚ ਆਤਮ-ਨਿਰਭਰਤਾ ਬਾਰੇ ਮਿਸ਼ਨ’ ਲਾਂਚ ਕੀਤੇ ਅਤੇ ਕਿਹਾ ਕਿ ਇਹ ਯੋਜਨਾਵਾਂ ਲੱਖਾਂ ਕਿਸਾਨਾਂ ਦੀ ਕਿਸਮਤ ਬਦਲ ਦੇਣਗੀਆਂ। ਦੋਵੇਂ ਯੋਜਨਾਵਾਂ 2030-31 ਤੱਕ ਲਈ ਆਉਂਦੇ ਹਾੜੀ ਦੇ ਸੀਜ਼ਨ ਦੌਰਾਨ ਲਾਗੂ ਹੋ ਜਾਣਗੀਆਂ। ਉਨ੍ਹਾਂ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਨਾਲ ਸਬੰਧਤ 5,450 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਰੀਬ 815 ਕਰੋੜ ਰੁਪਏ ਦੇ ਵਾਧੂ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ। ਕਾਂਗਰਸ ਦੀ ਅਗਵਾਈ ਹੇਠਲੀਆਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਉਸ ’ਤੇ ਖੇਤੀ ਸੈਕਟਰ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਅਹਿਮ ਸੈਕਟਰ ਦੇ ਵਿਕਾਸ ਪ੍ਰਤੀ ਵਿਰੋਧੀ ਧਿਰ ਦੇ ਨਜ਼ਰੀਏ ’ਚ ਘਾਟ ਸੀ। ਆਪਣੀ ਸਰਕਾਰ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਬੀਜ ਤੋਂ ਬਾਜ਼ਾਰ’ ਜਿਹੇ ਸੁਧਾਰ ਸ਼ੁਰੂ ਕੀਤੇ, ਖੇਤੀ ਬਜਟ ਵਧਾਇਆ, ਖਾਦਾਂ ’ਤੇ ਸਬਸਿਡੀ ਵਧਾਈ ਅਤੇ ਮਸ਼ੀਨਰੀ ਤੇ ਉਪਕਰਨਾਂ ਤੋਂ ਜੀ ਐੱਸ ਟੀ ਘਟਾਇਆ। ਇਸ ਮੌਕੇ ਮੋਦੀ ਨੇ ਕਿਸਾਨਾਂ ਨੂੰ ਸਰਟੀਫਿਕੇਟ ਵੀ ਵੰਡੇ। ਉਨ੍ਹਾਂ ਦਾਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।
ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ ਦੋ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ
ਇੰਦੌਰ/ਭੁਬਨੇਸ਼ਵਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਇੰਦੌਰ ’ਚ 76.5 ਕਰੋੜ ਰੁਪਏ ਦੇ ਮਿਲਕ ਪਾਊਡਰ ਪਲਾਂਟ ਅਤੇ ਉੜੀਸਾ ’ਚ ਮੱਛੀ ਪਾਲਣ ਨਾਲ ਸਬੰਧਤ 160 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ। ਮਿਲਕ ਪਾਊਡਰ ਪਲਾਂਟ ਇੰਦੌਰ ਕੋਆਪ੍ਰੇਟਿਵ ਮਿਲਕ ਯੂਨੀਅਨ ਤਹਿਤ ਸਥਾਪਤ ਕੀਤਾ ਗਿਆ ਹੈ। ਉੜੀਸਾ ਦੇ ਸੰਬਲਪੁਰ ਅਤੇ ਪੰਡਾਰਾ ਜ਼ਿਲ੍ਹਿਆਂ ’ਚ ਕ੍ਰਮਵਾਰ 100 ਕਰੋੜ ਅਤੇ 59.13 ਕਰੋੜ ਰੁਪਏ ਦੇ ਮੱਛੀ ਪਾਲਣ ਨਾਲ ਸਬੰਧਤ ਪ੍ਰਾਜੈਕਟ ਲਗਾਏ ਗਏ ਹਨ। -ਪੀਟੀਆਈ