DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Farmer Protest: ਯੂਪੀ ਦੇ ਕਿਸਾਨਾਂ ਵੱਲੋਂ ਰੋਸ ਮਾਰਚ; ਦਿੱਲੀ-ਨੋਇਡਾ ਹੱਦ ’ਤੇ ਭਾਰੀ ਜਾਮ

ਪੰਜ ਕਿਲੋਮੀਟਰ ਤਕ ਵਾਹਨਾਂ ਦੀਆਂ ਕਤਾਰਾਂ ਲੱਗੀਆਂ; ਲੋਕ ਪ੍ਰੇਸ਼ਾਨ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 2 ਦਸੰਬਰ

ਉਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਕਿਸਾਨੀ ਮਸਲੇ ਹੱਲ ਨਾ ਹੋਣ ’ਤੇ ਅੱਜ ਕੌਮੀ ਰਾਜਧਾਨੀ ਵੱਲ ਰੋਸ ਮਾਰਚ ਕੀਤਾ ਗਿਆ। ਇਸ ਦੇ ਮੱਦੇਨਜ਼ਰ ਪੁਲੀਸ ਨੇ ਬੈਰੀਕੇਡਿੰਗ ਕੀਤੀ ਤੇ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਜਿਸ ਕਾਰਨ ਆਮ ਲੋਕਾਂ ਨੂੰ ਦਿੱਲੀ-ਨੋਇਡਾ ਸਰਹੱਦ ’ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਧੱਕਾ ਮੁੱਕੀ ਵੀ ਹੋਈ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ। ਕਿਸਾਨਾਂ ਦਾ ਰੋਸ ਹੈ ਕਿ ਉਨ੍ਹਾਂ ਦੇ ਮਸਲੇ ਲੰਮੇ ਸਮੇਂ ਤੋਂ ਹੱਲ ਨਹੀਂ ਹੋ ਰਹੇ ਜਿਸ ਕਾਰਨ ਕਿਸਾਨ ਆਰਥਿਕ ਸੰਕਟ ਵਿਚੋਂ ਲੰਘ ਰਹੇ ਹਨ।

Advertisement

ਕਿਸਾਨ ਦਾਦਰੀ-ਨੋਇਡਾ ਲਿੰਕ ਰੋਡ ’ਤੇ ਮਹਾਮਾਇਆ ਫਲਾਈਓਵਰ ’ਤੇ ਇਕੱਠੇ ਹੋਏ ਅਤੇ ਸਰਕਾਰ ਵੱਲੋਂ ਐਕੁਵਾਇਰ ਕੀਤੀਆਂ ਗਈਆਂ ਉਨ੍ਹਾਂ ਦੀਆਂ ਜ਼ਮੀਨਾਂ ਦੇ ਮੁਆਵਜ਼ੇ ਨੂੰ ਵਧਾਉਣ ਦੀ ਮੰਗ ਤੇ ਹੋਰ ਕਿਸਾਨਾਂ ਮਸਲਿਆਂ ਲਈ ਸਵੇਰੇ 11.30 ਵਜੇ ਦੇ ਕਰੀਬ ਆਪਣਾ ਮਾਰਚ ਸ਼ੁਰੂ ਕੀਤਾ। ਰੋਸ ਮਾਰਚ ਦਾ ਸੱਦਾ ਭਾਰਤੀ ਕਿਸਾਨ ਪਰਿਸ਼ਦ (ਬੀਕੇਪੀ) ਵੱਲੋਂ ਦਿੱਤਾ ਗਿਆ। ਬੀਕੇਪੀ ਅਨੁਸਾਰ ਅਲੀਗੜ੍ਹ ਅਤੇ ਆਗਰਾ ਸਮੇਤ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਰੋਸ ਮਾਰਚ ਵਿੱਚ ਹਿੱਸਾ ਲਿਆ।

ਇਸ ਮੌਕੇ ਕਿਸਾਨ ਬੈਰੀਕੇਡਾਂ ਨੂੰ ਉਲੰਘ ਗਏ ਤੇ ਕੁਝ ਬੈਰੀਕੇਡਾਂ ’ਤੇ ਚੜ੍ਹ ਗਏ। ਇਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਧੱਕਾ ਮੁੱਕੀ ਹੋਈ। ਪੁਲੀਸ ਨੇ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਦੇ ਵਿਰੋਧ ਅਤੇ ਪੁਲੀਸ ਦੀ ਚੈਕਿੰਗ ਕਾਰਨ ਚਿੱਲਾ ਬਾਰਡਰ, ਡੀਐਨਡੀ ਫਲਾਈਓਵਰ, ਦਿੱਲੀ ਗੇਟ ਅਤੇ ਕਾਲਿੰਦੀ ਕੁੰਜ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਘੰਟਿਆਂਬੱਧੀ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ। ਗ੍ਰੇਟਰ ਨੋਇਡਾ ਦੀ ਵਸਨੀਕ ਅਪਰਾਜੀਤਾ ਸਿੰਘ ਨੇ ਕਿਹਾ ਕਿ ਚਿੱਲਾ ਬਾਰਡਰ ’ਤੇ ਲਗਾਏ ਗਏ ਬੈਰੀਕੇਡ ਯਾਤਰੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਹੇ ਹਨ।

ਉਸ ਨੇ ਕਿਹਾ ਕਿ ਉਸ ਨੂੰ ਇੱਥੋਂ ਲੰਘਣ ਵਿੱਚ ਲਗਪਗ ਇੱਕ ਘੰਟਾ ਲੱਗਿਆ। ਇਕ ਹੋਰ ਰਾਹਗੀਰ ਨੇ ਦੱਸਿਆ ਕਿ ਇਸ ਦੌਰਾਨ ਪੰਜ ਕਿਲੋਮੀਟਰ ਤੋਂ ਵੱਧ ਦਾ ਜਾਮ ਲੱਗ ਗਿਆ।

Advertisement
×