DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹਾਦਤ ਦੇਣ ਵਾਲਿਆਂ ਨੂੰ ਨਮ ਅੱਖਾਂ ਨਾਲ ਵਿਦਾਇਗੀ

ਵੱਡੀ ਗਿਣਤੀ ਲੋਕਾਂ ਨੇ ਰਾਈਫਲਮੈਨ ਸੁਨੀਲ ਕੁਮਾਰ ਤੇ ਜੇਕੇਏਐੱਸ ਅਫਸਰ ਰਾਜ ਕੁਮਾਰ ਥਾਪਾ ਨੂੰ ਦਿੱਤੀ ਸ਼ਰਧਾਂਜਲੀ
  • fb
  • twitter
  • whatsapp
  • whatsapp
featured-img featured-img
ਰਾਈਫਲਮੈਨ ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਤਰੇਵਾ ਲਿਆਉਂਦੇ ਹੋਏ ਸੈਨਾ ਦੇ ਜਵਾਨ। -ਫੋਟੋ: ਏਐੱਨਆਈ
Advertisement

ਜੰਮੂ, 11 ਮਈ

ਪਾਕਿਸਤਾਨੀ ਗੋਲਾਬਾਰੀ ’ਚ ਮਾਰੇ ਗਏ ਰਾਈਫਲਮੈਨ ਸੁਨੀਲ ਕੁਮਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇਕੇਏਐੱਸ) ਅਫਸਰ ਰਾਜ ਕੁਮਾਰ ਥਾਪਾ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਸਨ। ਦੋਵਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਸ਼ਹੀਦ ਹੋਏ ਬੀਐੱਸਐੱਫ ਦੇ ਸਬ ਇੰਸਪੈਕਟਰ ਮੁਹੰਮਦ ਇਮਤਿਆਜ਼ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

ਰਾਜੌਰੀ ਦੇ ਵਧੀਕ ਜ਼ਿਲ੍ਹਾ ਵਿਕਾਸ ਅਫਸਰ ਰਾਜ ਕੁਮਾਰ ਥਾਪਾ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ। -ਫੋਟੋ: ਪੀਟੀਆਈ

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਗੋਲਾਬਾਰੀ ’ਚ ਸ਼ਹੀਦ ਹੋਏ ਨੌਜਵਾਨ ਰਾਈਫਲਮੈਨ ਸੁਨੀਲ ਕੁਮਾਰ (25) ਦਾ ਸਸਕਾਰ ਅੱਜ ਜ਼ੀਰੋ ਲਾਈਨ ਨੇੜੇ ਉਸ ਦੇ ਪਿੰਡ ’ਚ ਕੀਤਾ ਗਿਆ। 4-ਜੇਏਕੇਐੱਲਆਈ ਨਾਲ ਤਾਇਨਾਤ ਸੁਨੀਲ ਕੁਮਾਰ ਸ਼ਨਿੱਚਰਵਾਰ ਨੂੰ ਆਰਐੱਸ ਪੁਰਾ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਸਰਹੱਦ ਪਾਰੋਂ ਹੋਈ ਗੋਲਾਬਾਰੀ ’ਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੇ ਸਸਕਾਰ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਇਸੇ ਤਰ੍ਹਾਂ ਆਪਣੇ ਰਿਹਾਇਸ਼ੀ ਕੰਪਾਊਂਡ ’ਤੇ ਪਾਕਿਸਤਾਨੀ ਮੋਰਟਾਰ ਸ਼ੈੱਲ ਡਿੱਗਣ ਕਾਰਨ ਮਾਰੇ ਗਏ ਜੇਕੇਏਐੱਸ ਅਫਸਰ ਰਾਜ ਕੁਮਾਰ ਥਾਪਾ ਦਾ ਅੱਜ ਇੱਥੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ ਸਮੇਤ ਵੱਡੀ ਗਿਣਤੀ ਲੋਕ ਰਾਜ ਕੁਮਾਰ ਥਾਪਾ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ। ਥਾਪਾ ਦੀ ਦੇਹ ਪੁਲੀਸ ਦੇ ਵਾਹਨ ਰਾਹੀਂ ਜੰਮੂ ਸ਼ਹਿਰ ਦੇ ਬਾਹਰਵਾਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਲਿਆਂਦੀ ਗਈ ਤੇ ਫਿਰ ਸ਼ਮਸ਼ਾਨਘਾਟ ਲਿਜਾਈ ਗਈ। ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।

ਇਸੇ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਪਾਕਿਸਤਾਨੀ ਗੋਲਾਬਾਰੀ ’ਚ ਸ਼ਹੀਦ ਹੋਏ ਬੀਐੱਸਐੱਫ ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

ਆਂਧਰਾ ਸਰਕਾਰ ਵੱਲੋਂ ਮੁਰਲੀ ਨਾਇਕ ਦੇ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ

ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਸ਼ਹੀਦ ਜਵਾਨ ਐੱਮ ਮੁਰਲੀ ਨਾਇਕ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ। -ਫੋਟੋ: ਪੀਟੀਆਈ

ਕੱਲੀ ਥਾਂਡਾ: ਆਂਧਰਾ ਪ੍ਰਦੇਸ਼ ਸਰਕਾਰ ਨੇ ਜੰਮੂ ਕਸ਼ਮੀਰ ਦੇ ਪੁਣਛ ’ਚ ਪਾਕਿਸਤਾਨੀ ਗੋਲਾਬਾਰੀ ’ਚ ਸ਼ਹੀਦ ਹੋਏ ਸੈਨਿਕ ਐੱਮ ਮੁਰਲੀ ਨਾਇਕ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਲੰਘੀ ਰਾਤ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਸ਼ਹੀਦ ਜਵਾਨ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। -ਪੀਟੀਆਈ

ਊਧਮਪੁਰ ਏਅਰ ਬੇਸ ਦੀ ਰਾਖੀ ਕਰਦਾ ਜਵਾਨ ਸ਼ਹੀਦ

ਪਿਤਾ ਸੁਰੇਂਦਰ ਕੁਮਾਰ ਨੂੰ ਵਿਦਾਇਗੀ ਦਿੰਦੀ ਹੋਈ ਧੀ ਵਰਤਿਕਾ। -ਫੋਟੋ: ਰਾਇਟਰਜ਼

ਜੰਮੂ/ਜੈਪੁਰ: ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਇੱਕ ਏਅਰਬੇਸ ’ਤੇ ਬੀਤੇ ਦਿਨ ਆਰਮੀ ਏਅਰ ਡਿਫੈਂਸ ਵੱਲੋਂ ਤਬਾਹ ਕੀਤੇ ਪਾਕਿਸਤਾਨੀ ਡਰੋਨ ਦੇ ਮਲਬੇ ਦੀ ਲਪੇਟ ਆਉਣ ਕਾਰਨ ਇੱਕ ਜਵਾਨ ਸ਼ਹੀਦ ਹੋ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਜਵਾਨ ਡਿਊਟੀ ’ਤੇ ਤਾਇਨਾਤ ਸੀ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸੁਰਿੰਦਰ ਸਿੰਘ ਮੋਗਾ ਦੀ ਸ਼ਹਾਦਤ ’ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ

ਸੂਬੇਦਾਰ ਮੇਜਰ ਪਵਨ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸੂਬੇਦਾਰ ਮੇਜਰ ਪਵਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਿਸ਼ਤੇਦਾਰ। -ਫੋਟੋ: ਏਐੱਨਆਈ

ਧਰਮਸ਼ਾਲਾ: ਪਾਕਿਸਤਾਨੀ ਗੋਲਾਬਾਰੀ ’ਚ ਸ਼ਹੀਦ ਹੋਏ ਸੂਬੇਦਾਰ ਮੇਜਰ ਪਵਨ ਕੁਮਾਰ ਦਾ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਿਤ ਉਨ੍ਹਾਂ ਦੇ ਜੱਦੀ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਨੇ ਚਿਤਾ ਨੂੰ ਅਗਨੀ ਦਿਖਾਈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸਰਕਾਰ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਦਕਿ ਖੇਤੀ ਮੰਤਰੀ ਚੰਦਰ ਕੁਮਾਰ, ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਤੇ ਐੱਸਪੀ ਸ਼ਾਲਿਨੀ ਅਗਨੀਹੋਤਰੀ ਵੀ ਇਸ ਮੌਕੇ ਹਾਜ਼ਰ ਸਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬਿਆਨ ਜਾਰੀ ਕਰਕੇ ਦੇਸ਼ ਦੀ ਰਾਖੀ ਕਰਦਿਆਂ ਪਵਨ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਯਾਦ ਕੀਤਾ। ਸ਼ਾਹਪੁਰ ਦੇ ਵਾਰਡ ਨੰਬਰ ਚਾਰ ਦੇ ਵਸਨੀਕ ਪਵਨ ਕੁਮਾਰ 25 ਪੰਜਾਬ ਰੈਜੀਮੈਂਟ ’ਚ ਤਾਇਨਾਤ ਸੀ ਤੇ ਉਸ ਦੇ ਪਿਤਾ ਗਰਾਜ ਸਿੰਘ ਦੀ ਭਾਰਤੀ ਸੈਨਾ ’ਚੋਂ ਸੇਵਾਮੁਕਤ ਹਵਾਲਦਾਰ ਹਨ। -ਪੀਟੀਆਈ

Advertisement
×