ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫਰਜ਼ੀ ਪੁਲੀਸ ਮੁਕਾਬਲਾ: ਤਤਕਾਲੀ ਇੰਸਪੈਕਟਰ ਨੂੰ 10 ਸਾਲ ਦੀ ਕੈਦ

ਅਦਾਲਤ ਨੇ ਦੋ ਸਿਪਾਹੀਆਂ ਨੂੰ ਮਾਰਨ ਦੇ 32 ਸਾਲਾ ਪੁਰਾਣੇ ਮਾਮਲੇ ’ਚ ਸੁਣਾਈ ਸਜ਼ਾ; 50 ਹਜ਼ਾਰ ਦਾ ਜੁਰਮਾਨਾ ਵੀ ਲਾਇਆ; ਤਿੰਨ ਪੁਲੀਸ ਕਰਮਚਾਰੀ ਬਰੀ
ਫਰਜ਼ੀ ਮੁਕਾਬਲੇ ’ਚ ਮਾਰੇ ਗਏ ਸਿਪਾਹੀ ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ।
Advertisement

ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਇੱਕ ਫਰਜ਼ੀ ਪੁਲੀਸ ਮੁਕਾਬਲੇ ਵਿਚ ਦੋ ਪੁਲੀਸ ਕਰਮਚਾਰੀਆਂ ਨੂੰ ਮਾਰਨ ਦੇ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਤਤਕਾਲੀ ਇੰਸਪੈਕਟਰ ਅਤੇ ਸੇਵਾਮੁਕਤ ਐੱਸਪੀ ਪਰਮਜੀਤ ਸਿੰਘ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਕ ਹੋਰ ਧਾਰਾ ਤਹਿਤ ਉਸ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸੇ ਮਾਮਲੇ ਵਿਚ ਸ਼ਾਮਲ ਧਰਮ ਸਿੰਘ, ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ, ਜਦਕਿ ਤਤਕਾਲੀ ਐੱਸਆਈ ਰਾਮ ਲੁਭਾਇਆ ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ ਸਾਬਕਾ ਐੱਸਪੀ ਪਰਮਜੀਤ ਸਿੰਘ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ।

ਸੀਬੀਆਈ ਦੇ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਸੀ, ਜਿਸ ਵਿੱਚ ਪਾਇਆ ਗਿਆ ਕਿ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਸੁਰਮੁਖ ਸਿੰਘ ਵਾਸੀ ਪਿੰਡ ਮੁੱਛਲ (ਬਾਬਾ ਬਕਾਲਾ) ਨੂੰ 18 ਅਪਰੈਲ 1993 ਨੂੰ ਸਵੇਰੇ 6:00 ਵਜੇ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਉਸ ਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ। ਐੱਸਆਈ ਰਾਮ ਲੁਭਾਇਆ ਦੀ ਅਗਵਾਈ ਹੇਠਲੀ ਟੀਮ ਨੇ ਉਸੇ ਦਿਨ ਦੁਪਹਿਰ ਲਗਪਗ 2:00 ਵਜੇ ਇੱਕ ਹੋਰ ਕਾਂਸਟੇਬਲ ਸੁਖਵਿੰਦਰ ਸਿੰਘ ਵਾਸੀ ਖਿਆਲਾ (ਅੰਮ੍ਰਿਤਸਰ) ਨੂੰ ਵੀ ਉਸ ਦੇ ਘਰ ਤੋਂ ਚੁੱਕ ਲਿਆ। ਅਗਲੇ ਦਿਨ ਸੁਖਵਿੰਦਰ ਦੀ ਮਾਂ ਬਲਬੀਰ ਕੌਰ ਆਪਣੇ ਪਤੀ ਦਿਲਦਾਰ ਸਿੰਘ ਨਾਲ ਥਾਣਾ ਬਿਆਸ ਗਈ ਪਰ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

Advertisement

ਫਰਜ਼ੀ ਮੁਕਾਬਲੇ ’ਚ ਮਾਰੇ ਗਏ ਸਿਪਾਹੀ ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ।

22 ਅਪਰੈਲ 1993 ਨੂੰ ਜ਼ਿਲ੍ਹਾ ਮਜੀਠਾ ਪੁਲੀਸ ਨੇ ਮੁਕਾਬਲੇ ਵਿੱਚ ਦੋ ਅਣਪਛਾਤੇ ਅਤਿਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ। ਬਾਅਦ ਵਿੱਚ ਸੀਬੀਆਈ ਜਾਂਚ ਨੇ ਇਹ ਸਿੱਧ ਕਰ ਦਿੱਤਾ ਕਿ ਲੋਪੋਕੇ ਪੁਲੀਸ ਵੱਲੋਂ ਮੁਕਾਬਲੇ ’ਚ ਮਾਰੇ ਗਏ ਦੋ ਨੌਜਵਾਨ ਅਸਲ ਵਿੱਚ ਸੁਖਵਿੰਦਰ ਸਿੰਘ ਅਤੇ ਸੁਰਮੁਖ ਸਿੰਘ ਸਨ। ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਬਰੀ ਕਰਨ ਖ਼ਿਲਾਫ਼ ਉਹ ਹਾਈ ਕੋਰਟ ’ਚ ਅਪੀਲ ਦਾਇਰ ਕਰਨਗੇ।

Advertisement