ਫ਼ਿਰੌਤੀ ਚਿੱਠੀ ’ਚ ਗਲਤ ਸਪੈਲਿੰਗ ਕਾਰਨ ਫ਼ਰਜ਼ੀ ਅਗਵਾ ਮਾਮਲੇ ਦਾ ਖੁਲਾਸਾ
ਹਰਦੋਈ, 8 ਜਨਵਰੀ
ਫਿਰੌਤੀ ਚਿੱਠੀ ’ਚ ਗਲਤ ਸਪੈਲਿੰਗ ਕਾਰਨ ਪੁਲੀਸ ਨੂੰ ਅਗਵਾ ਦੇ ਫਰਜ਼ੀ ਮਾਮਲੇ ਦਾ ਖੁਲਾਸਾ ਕਰਨ ’ਚ ਮਦਦ ਮਿਲੀ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਵੱਡੇ ਭਰਾ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਹ ਘਟਨਾ 5 ਜਨਵਰੀ ਨੂੰ ਸਾਹਮਣੇ ਆਈ, ਜਦੋਂ ਹਰਦੋਈ ਜ਼ਿਲ੍ਹੇ ਦੇ ਬੰਦਰਹਾ ਪਿੰਡ ਦੇ ਠੇਕੇਦਾਰ ਸੰਜੈ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਅਣਜਾਣ ਨੰਬਰ ਤੋਂ ਫਿਰੌਤੀ ਦਾ ਨੋਟ ਮਿਲਿਆ ਜਿਸ ਵਿੱਚ ਉਸ ਦੇ ਭਰਾ ਸੰਦੀਪ (27) ਨੂੰ ਰਿਹਾਅ ਕਰਨ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਨੋਟ ’ਚ ਕਿਹਾ ਗਿਆ ਕਿ ਜੇ ਉਸ ਨੇ ਪੈਸੇ ਨਾ ਦਿੱਤੇ ਤਾਂ ਇਸ ਦਾ ਨਤੀਜਾ ਉਸ ਦੇ ਭਰਾ ਦੀ ‘ਡੇਥ’ (deth) ਹੋਵੇਗੀ। ਐੱਸਪੀ ਨੀਰਜ ਕੁਮਾਰ ਜਾਦੌਨ ਨੇ ਕਿਹਾ ਕਿ ਨੋਟ ਵਿੱਚ ‘ਡੈੱਥ’ ਦੇ ਗਲਤ ਸਪੈਲਿੰਗ (deth) ਤੋਂ ਉਨ੍ਹਾਂ ਨੂੰ ਸੰਕੇਤ ਮਿਲਿਆ ਕਿ ਇਸ ਘਟਨਾ ਪਿਛਲਾ ਵਿਅਕਤੀ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹੈ। ਉਨ੍ਹਾਂ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਸੰਦੀਪ ਨੂੰ ਰੂਪਾਪੁਰ ਤੋਂ ਬਰਾਮਦ ਕੀਤੀ। ਪੁਲੀਸ ਨੇ ਉਸ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਖੁਦ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਦੀ ਗੱਲ ਮੰਨ ਲਈ ਤੇ ਕਿਹਾ ਕਿ ਉਸ ਨੇ ਆਪਣੇ ਭਰਾ ਤੋਂ ਪੈਸੇ ਉਗਰਾਉਣ ਦਾ ਵਿਚਾਰ ਟੀਵੀ ਸੀਰੀਅਲ ‘ਸੀਆਈਡੀ’ ਦੇਖਣ ਮਗਰੋਂ ਆਇਆ ਸੀ।
ਸੰਦੀਪ ਮਿਰਜ਼ਾਪੁਰ ’ਚ ਗੰਨਾ ਖਰੀਦ ਕੇਂਦਰ ’ਤੇ ਕੰਮ ਕਰਦਾ ਸੀ ਅਤੇ ਹਾਲ ਹੀ ਵਿੱਚ 30 ਦਸੰਬਰ ਨੂੰ ਉਸ ਦਾ ਮੋਟਰਸਾਈਕਲ ਬਜ਼ੁਰਗ ਨਾਲ ਟਕਰਾਅ ਗਿਆ ਜਿਸ ਕਾਰਨ ਉਸ ਦਾ ਪੈਰ ਟੁੱਟ ਗਿਆ ਤੇ ਦੂਜੀ ਧਿਰ ਉਸ ਤੋਂ ਮੁਆਵਜ਼ਾ ਮੰਗ ਰਹੀ ਸੀ। -ਪੀਟੀਆਈ