ਝੂਠੇ ਮੁਕਾਬਲੇ: 32 ਵਰ੍ਹਿਆਂ ਮਗਰੋਂ ਸਾਬਕਾ ਐੱਸਐੱਸਪੀ ਤੇ ਡੀਐੱਸਪੀ ਸਣੇ ਪੰਜ ਦੋਸ਼ੀ ਕਰਾਰ
ਇਥੋਂ ਦੀ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾ ਨੇ 1993 ਵਿੱਚ ਹੋਏ ਦੋ ਝੂਠੇ ਪੁਲੀਸ ਮੁਕਾਬਲਿਆਂ ਲਈ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ, ਡੀਐੱਸਪੀ ਦਵਿੰਦਰ ਸਿੰਘ, ਇੰਸਪੈਕਟਰ ਸੂਬਾ ਸਿੰਘ, ਗੁਲਬਰਗ ਸਿੰਘ ਤੇ ਰਘਵੀਰ ਸਿੰਘ ਨੂੰ ਅਪਰਾਧਿਕ ਸਾਜਿਸ਼ ਅਤੇ ਕਤਲ ਦੇ ਮਾਮਲਿਆਂ ਲਈ ਦੋਸ਼ੀ ਕਰਾਰ ਦਿੱਤਾ ਹੈ। ਘਟਨਾ ਵੇਲੇ ਭੁਪਿੰਦਰਜੀਤ ਸਿੰਘ ਡੀਐੱਸਪੀ, ਜਦਕਿ ਬਾਕੀ ਏਐੱਸਆਈ ਸਨ। ਇਨ੍ਹਾਂ ਦੋ ਝੂਠੇ ਮੁਕਾਬਲਿਆਂ ਵਿੱਚ ਪੁਲੀਸ ਦੇ ਤਿੰਨ ਐੱਸਪੀਓਜ਼ ਸਮੇਤ ਸੱਤ ਵਿਅਕਤੀਆਂ ਮਾਰੇ ਗਏ ਸਨ। ਦੋਸ਼ੀ ਕਰਾਰ ਦਿੱਤੇ ਗਏ ਸੇਵਾਮੁਕਤ ਪੁਲੀਸ ਕਰਮਚਾਰੀਆਂ ਨੂੰ ਸਜ਼ਾ ਚਾਰ ਅਗਸਤ ਨੂੰ ਸੁਣਾਈ ਜਾਵੇਗੀ। ਪੁਲੀਸ ਨੇ ਦੋਸ਼ੀ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਪਰਚਾ ਦਰਜ ਕਰਨ ਵੇਲੇ ਦਸ ਪੁਲੀਸ ਕਰਮਚਾਰੀ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰਾਂ ਦੇ ਵਕੀਲਾਂ ਨੇ ਦੱਸਿਆ ਕਿ ਪੰਜ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਰਨ ਤਾਰਨ ਦੇ ਪਿੰਡ ਰਾਣੀ ਵਲਾਅ ਦੇ ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨਾਂ ਨੂੰ ਦੋ ਵੱਖ-ਵੱਖ ਮੁਕਾਬਲਿਆਂ ਵਿਚ ਮਰਿਆ ਵਿਖਾ ਕੇ ਲਾਸ਼ਾਂ ਅਣਪਛਾਤੀਆਂ ਦੱਸ ਕੇ ਖ਼ੁਦ ਹੀ ਸਸਕਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਰਹਾਲੀ ਪੁਲੀਸ ਨੇ 27 ਜੂਨ 1993 ਨੂੰ ਸ਼ਿੰਦਰ ਸਿੰਘ, ਦੇਸਾ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ ਅਤੇ ਦਲਜੀਤ ਸਿੰਘ ਸਾਰੇ ਵਾਸੀ ਰਾਣੀ ਵਲਾਅ (ਥਾਣਾ ਸਰਹਾਲੀ) ਨੂੰ ਉਨ੍ਹਾਂ ਦੇ ਪਿੰਡ ਤੋਂ ਚੋਰੀ ਦੇ ਦੋਸ਼ਾਂ ਤਹਿਤ ਚੁੱਕਿਆ ਸੀ। ਇਨ੍ਹਾਂ ’ਚੋਂ ਐੱਸਪੀਓ ਦਲਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਤੇ ਬਾਕੀ ਚਾਰਾਂ, ਜਿਨ੍ਹਾਂ ’ਚ ਤਿੰਨ ਐੱਸਪੀਓ ਸਨ, ਨੂੰ ਪੁਲੀਸ ਮੁਕਾਬਲੇ ’ਚ ਮਰਿਆ ਵਿਖਾ ਦਿੱਤਾ ਗਿਆ। ਇਸ ਮੁਕਾਬਲੇ ’ਚ ਚੌਥਾ ਮ੍ਰਿਤਕ ਮੰਗਲ ਸਿੰਘ ਕਰਮੂਵਾਲਾ ਸੀ। ਇਸੇ ਤਰ੍ਹਾਂ ਵੀਰੋਵਾਲ ਦੀ ਪੁਲੀਸ ਨੇ ਹਰਵਿੰਦਰ ਸਿੰਘ ਵਾਸੀ ਕੈਥਲ (ਜਲਾਲਾਬਾਦ), ਸਰਬਜੀਤ ਸਿੰਘ ਵਾਸੀ ਹੰਸਾਵਾਲਾ ਤੇ ਸੁਖਦੇਵ ਸਿੰਘ ਵਾਸੀ ਰਾਣੀ ਵਲਾਅ ਨੂੰ ਦੂਜੇ ਮੁਕਾਬਲੇ ਵਿਚ ਮਾਰਿਆ ਗਿਆ ਸੀ।