ਝੂਠਾ ਮੁਕਾਬਲਾ: ਚਾਰ ਪੁਲੀਸ ਮੁਲਾਜ਼ਮਾਂ ਸਣੇ ਛੇ ਖ਼ਿਲਾਫ਼ ਦੋਸ਼ ਤੈਅ
ਇਥੋਂ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਨੇ ਨੌਂ ਸਾਲ ਪੁਰਾਣੇ ਕਬੱਡੀ ਖਿਡਾਰੀ ਅਜਮੇਰ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਸਬ-ਇੰਸਪੈਕਟਰ ਸਮੇਤ ਚਾਰ ਪੁਲੀਸ ਮੁਲਾਜ਼ਮਾਂ ਅਤੇ ਬਠਿੰਡਾ ਦੇ ਦੋ ਸ਼ਰਾਬ ਠੇਕੇਦਾਰਾਂ ਖ਼ਿਲਾਫ਼ ਹੱਤਿਆ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ। ਅਦਾਲਤ ਨੇ ਸ਼ਿਕਾਇਤਕਰਤਾ ਪਰਿਵਾਰ ਨੂੰ ਗਵਾਹ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਮੁਲਜ਼ਮਾਂ ਵਿੱਚ ਸਬ-ਇੰਸਪੈਕਟਰ ਲਛਮਣ ਸਿੰਘ, ਕਾਂਸਟੇਬਲ ਪਰਮਿੰਦਰ ਸਿੰਘ, ਕਾਂਸਟੇਬਲ ਧਰਮਿੰਦਰ ਸਿੰਘ, ਹੋਮ ਗਾਰਡ ਕਾਬਲ ਸਿੰਘ, ਜਦਕਿ ਸ਼ਰਾਬ ਠੇਕੇਦਾਰ ਧਰਮਪਾਲ ਉਰਫ਼ ਧੰਮੀ ਤੇ ਅਮਰਜੀਤ ਸਿੰਘ ਮਹਿਤਾ ਸ਼ਾਮਲ ਹਨ। ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹ ਘਟਨਾ ਮਈ 2016 ਦੀ ਹੈ। ਸ੍ਰੀ ਮੁਕਤਸਰ ਸਾਹਿਬ ਨਿਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਜਮੇਰ ਸਿੰਘ ਕਬੱਡੀ ਖਿਡਾਰੀ ਸੀ ਅਤੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਸ ਨੂੰ ਗੈਂਗਸਟਰ ਕਹਿ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਬਠਿੰਡਾ ਦੇ ਦੋ ਸ਼ਰਾਬ ਠੇਕੇਦਾਰਾਂ ਧਰਮਪਾਲ ਉਰਫ਼ ਧੰਮੀ ਅਤੇ ਅਮਰਜੀਤ ਸਿੰਘ ਮਹਿਤਾ ਨੇ ਕਾਰੋਬਾਰੀ ਝਗੜਿਆਂ ਕਾਰਨ ਪੁਲੀਸ ਨਾਲ ਮਿਲ ਕੇ ਉਸ ਦੇ ਪੁੱਤਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਸਾਲ 2021 ਵਿੱਚ ਜਾਂਚ ਤੋਂ ਬਾਅਦ ਸਿਟ ਨੇ ਦਾਅਵਾ ਕੀਤਾ ਸੀ ਕਿ ਪੁਲੀਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਸੀ, ਹਾਲਾਂਕਿ ਅਦਾਲਤ ਨੇ ਪੁਲੀਸ ਦੇ ਇਸ ਦਾਅਵੇ ’ਤੇ ਸ਼ੱਕ ਪ੍ਰਗਟ ਕੀਤਾ ਸੀ। ਇਸ ਮਾਮਲੇ ਵਿੱਚ ਅਜਮੇਰ ਦੀ ਭੈਣ ਸੁਖਵਿੰਦਰ ਕੌਰ ਅਤੇ ਭਰਾ ਰਣਜੀਤ ਸਿੰਘ ਸਮੇਤ ਕਈ ਹੋਰਾਂ ਨੇ ਅਦਾਲਤ ’ਚ ਗਵਾਹੀ ਦਿੱਤੀ। ਇਸ ਆਧਾਰ ’ਤੇ ਜੈਤੋ ਦੀ ਅਦਾਲਤ ਨੇ ਆਈਪੀਸੀ ਦੀਆਂ ਧਾਰਾਵਾਂ 302, 201, 120ਬੀ, 506, 148 ਅਤੇ 149 ਤੇ ਅਸਲਾ ਐਕਟ ਤਹਿਤ ਕੇਸ ਅੱਗੇ ਵਧਾਉਣ ਲਈ ਕਾਫ਼ੀ ਆਧਾਰ ਲੱਭਿਆ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮਨਜੀਤ ਕੌਰ ਦੇ ਵਕੀਲ ਜਗਦੀਪ ਸਿੰਘ ਰਾਮੇਆਣਾ ਨੇ ਕਿਹਾ ਕਿ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਤੋਂ ਬਾਅਦ ਸਾਰੇ ਛੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ।