ਉੱਤਰਾਖੰਡ ਵਿਚ ਰੁੜਕੀ ਫੌਜੀ ਛਾਉਣੀ ਤੋਂ ਨਕਲੀ ਫੌਜੀ ਅਧਿਕਾਰੀ ਗ੍ਰਿਫ਼ਤਾਰ
ਮੁਲਜ਼ਮ ਕੋਲੋਂ 18 ਬੈਂਕ ਡੈਬਿਟ ਕਾਰਡ, ਫੌਜੀ ਵਰਦੀ, ਨੇਮਪਲੇਟ, ਜਾਅਲੀ ਫੌਜ ਪਛਾਣ ਪੱਤਰ ਅਤੇ ਜਾਅਲੀ ਜੁਆਇਨਿੰਗ ਲੈਟਰ ਬਰਾਮਦ
ਪੁਲੀਸ ਨੇ ਉੱਤਰਾਖੰਡ ਦੇ ਹਰਿਦੁਆਰ ਵਿਚ ਰੁੜਕੀ ਫੌਜੀ ਛਾਉਣੀ ਨੇੜੇ ਵਰਦੀ ਵਿਚ ਘੁੰਮ ਰਹੇ ਕਥਿਤ ਫ਼ਰਜ਼ੀ ਫ਼ੌਜੀ ਅਧਿਕਾਰੀ ਨੂੰ ਗ੍ਰਿ਼ਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਫੌਜ ਦੇ ਖੁਫੀਆ ਤੰਤਰ, ਸਥਾਨਕ ਖੁਫੀਆ ਏਜੰਸੀਆਂ ਅਤੇ ਪੁਲੀਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤੇ ਨਕਲੀ ਫੌਜੀ ਦੇ ਕਬਜ਼ੇ ਵਿੱਚੋਂ 18 ਬੈਂਕ ਡੈਬਿਟ ਕਾਰਡ, ਫੌਜੀ ਵਰਦੀ, ਇੱਕ ਨੇਮਪਲੇਟ, ਇੱਕ ਜਾਅਲੀ ਫੌਜ ਪਛਾਣ ਪੱਤਰ ਅਤੇ ਜਾਅਲੀ ਜੁਆਇਨਿੰਗ ਲੈਟਰ ਕਥਿਤ ਤੌਰ ’ਤੇ ਬਰਾਮਦ ਕੀਤੇ ਗਏ ਹਨ।
ਪੁਲੀਸ ਤੇ ਇੰਟੈਲੀਜੈਂਸ ਏਜੰਸੀਆਂ ਉਸ ਦੇ ਫੌਜੀ ਛਾਉਣੀ ਜਾਣ ਪਿਛਲੇ ਮੰਤਵ ਦੀ ਜਾਂਚ ਕਰ ਰਹੀਆਂ ਹਨ। ਹਰਿਦੁਆਰ ਦੇ ਸੀਨੀਅਰ ਪੁਲੀਸ ਸੁਪਰਡੈਂਟ (ਐਸਐਸਪੀ) ਪ੍ਰਮੋਦ ਡੋਭਾਲ ਨੇ ਕਿਹਾ ਕਿ ਰੁੜਕੀ ਫੌਜੀ ਛਾਉਣੀ ਕੰਪਲੈਕਸ ਵਿੱਚ ਮੁਲਜ਼ਮ ਦੀਆਂ ਸ਼ੱਕੀ ਸਰਗਰਮੀਆਂ ਤੋਂ ਬਾਅਦ, ਫੌਜ ਦੀ ਖੁਫੀਆ ਏਜੰਸੀ ਨੇ ਰੁੜਕੀ ਪੁਲੀਸ ਨੂੰ ਸੂਚਿਤ ਕੀਤਾ ਸੀ।
ਮੁਲਜ਼ਮ ਨੂੰ ਫੌਜੀ ਛਾਉਣੀ ਵਿਚ ਐੱਮਈਐੱਸ ਦੇ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੁਰੇਂਦਰ ਕੁਮਾਰ ਵਜੋਂ ਹੋਈ ਹੈ ਜੋ ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਨਵਲਗੜ੍ਹ ਪੁਲੀਸ ਥਾਣੇ ਅਧੀਨ ਆਉਂਦੇ ਕੋਲਸੀਆ ਪਿੰਡ ਦਾ ਵਸਨੀਕ ਹੈ।