ਉੜੀਸਾ ਦੇ ਬੌਧ ’ਚ ਗ਼ੈਰਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ; ਇਕ ਹਲਾਕ, 8 ਜ਼ਖਮੀ
ਉੜੀਸਾ ਦੇ ਬੌਧ ਜ਼ਿਲ੍ਹੇ ਵਿਚ ਐਤਵਾਰ ਨੂੰ ਗੈਰਕਾਨੂੰਨੀ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਦੁਪਹਿਰੇ ਜ਼ਿਲ੍ਹੇ ਦੇ ਹਰਭੰਗਾ ਬਲਾਕ ਦੇ ਪੁਰਣਾਕਟਕ ਪੁਲੀਸ ਥਾਣੇ ਅਧੀਨ ਜੀਆਕਾਟਾ-ਛਤਰਪੁਰ ਵਿਚ ਪਟਾਕਿਆਂ ਦੇ ਗੋਦਾਮ ਵਿੱਚ ਵਾਪਰੀ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਟੂਰ ਰੂਮ ਮਲਬੇ ਵਿਚ ਤਬਦੀਲ ਹੋ ਗਿਆ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪੁਰੁਨਾਕਟਕ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਬੌਧ ਦੇ ਐੱਸਪੀ ਰਾਹੁਲ ਗੋਇਲ ਨੇ ਕਿਹਾ ਕਿ ਪੀੜਤ ਦੀ ਪਛਾਣ ਲਕਸ਼ਮਿੰਦਰਾ ਬਹੇੜਾ (40) ਵਜੋਂ ਹੋਈ ਹੈ ਜਦੋਂਕਿ ਹਾਦਸੇ ਵਿਚ ਅੱਠ ਹੋਰ ਜ਼ਖ਼ਮੀ ਹੋ ਗਏ।
ਐੱਸਪੀ ਨੇ ਕਿਹਾ ਕਿ ਸਥਾਨਕ ਪੁਲੀਸ, ਫਾਇਰ ਸਰਵਿਸ ਕਰਮਚਾਰੀਆਂ, ਓਡੀਆਰਏਐਫ, ਬੰਬ ਸਕੁਐਡ, ਵਿਗਿਆਨਕ ਟੀਮ ਅਤੇ ਡੌਗ ਸਕੁਐਡ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ ਕਿਉਂਕਿ ਸ਼ੱਕ ਸੀ ਕਿ ਕੁਝ ਲੋਕ ਮਲਬੇ ਹੇਠ ਦੱਬੇ ਹੋ ਸਕਦੇ ਹਨ।
ਐੱਸਪੀ ਨੇ ਕਿਹਾ ਕਿ ਗੋਦਾਮ ਵਿਚ ਭਾਰੀ ਮਾਤਰਾ ’ਚ ਗੈਰ-ਕਾਨੂੰਨੀ ਵਿਸਫੋਟਕ ਪਦਾਰਥ ਸਟੋਰ ਕੀਤੇ ਗਏ ਸਨ। ਸ਼ੱਕੀਆਂ ਦੀ ਭਾਲ ਜਾਰੀ ਹੈ, ਅਤੇ ਇੱਕ ਵੱਡੀ ਕਾਰਵਾਈ ਵਿੱਚ ਜ਼ਿਲ੍ਹੇ ਵਿੱਚ ਪਟਾਕਿਆਂ ਦੇ ਤਿੰਨ ਹੋਰ ਗੋਦਾਮਾਂ ਨੂੰ ਜ਼ਬਤ ਕਰਕੇ ਸੀਲ ਕਰ ਦਿੱਤਾ ਗਿਆ ਹੈ।