ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 9 ਜੁਲਾਈ
ਯੂਏਈ (ਸੰਯੁਕਤ ਅਰਬ ਅਮੀਰਾਤ) ਨੇ ਆਪਣੇ ਰਵਾਇਤੀ ਨਿਵੇਸ਼-ਆਧਾਰਿਤ ਰੈਜ਼ੀਡੈਂਸੀ ਮਾਡਲ ਵਿਚ ਬਦਲਾਅ ਕਰਦਿਆਂ ਨਵੇਂ ਗੋਲਡਨ ਵੀਜ਼ਾ (Golden Visa programme) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਗਰਾਮ ਭਾਰਤੀਆਂ ਲਈ ਯੂਏਈ ਵਿਚ ਲੰਬੇ ਸਮੇਂ ਦੀ ਰੈਜ਼ੀਡੈਂਸੀ ਤੱਕ ਪਹੁੰਚ ਨੂੰ ਵਧਾਉਂਦਾ ਹੈ। ਮੱਧ ਪੂਰਬੀ ਦੇਸ਼ ਹੁਣ ਯੋਗ ਭਾਰਤੀਆਂ ਨੂੰ 1,00,000 ਦਰਹਾਮ (ਕਰੀਬ 23.30 ਲੱਖ ਰੁਪਏ) ਦੀ ਯੱਕਮੁਸ਼ਤ ਫੀਸ ਅਦਾ ਕਰਕੇ ਜੀਵਨ ਭਰ ਦੀ ਰੈਜ਼ੀਡੈਂਸੀ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨਾਲ ਹੁਣ ਕਿਸੇ ਜਾਇਦਾਦ ਜਾਂ ਕਾਰੋਬਾਰ ਵਿੱਚ ਨਿਵੇਸ਼ ਕਰਨ ਦੀ ਲੋੜ ਨਹੀਂ ਹੈ।
ਵੀਜ਼ੇ ਲਈ ਕੌਣ ਹੈ ਯੋਗ?
ਨਾਮਜ਼ਦਗੀ ਆਧਾਰਿਤ ਗੋਲਡਨ ਵੀਜ਼ਾ ਪ੍ਰੋਗਰਾਮ ਹੁਣ ਨਿਵੇਸ਼ਕਾਂ ਅਤੇ ਉੱਦਮੀਆਂ ਤੋਂ ਇਲਾਵਾ ਪੇਸ਼ੇਵਰਾਂ ਦੀ ਇੱਕ ਵਿਸ਼ਾਲ ਵਰਗ ਲਈ ਖੁੱਲ੍ਹਾ ਹੈ। ਇਸ ਨਵੀਂ ਪ੍ਰਣਾਲੀ ਤਹਿਤ ਬਿਨੈਕਾਰਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਪਿਛੋਕੜ, ਸਮਾਜਿਕ ਯੋਗਦਾਨ, ਜਾਂ ਯੂਏਈ ਦੇ ਵੱਖ ਵੱਖ ਖੇਤਰਾਂ ਜਿਵੇਂ ਕਿ ਸੱਭਿਆਚਾਰ, ਵਪਾਰ, ਵਿਗਿਆਨ, ਸਟਾਰਟਅੱਪਸ, ਜਾਂ ਵਿੱਤ ਲਈ ਸੰਭਾਵੀ ਲਾਭਾਂ ਦੇ ਆਧਾਰ ’ਤੇ ਨਾਮਜ਼ਦ ਅਤੇ ਪ੍ਰਵਾਨ ਕੀਤਾ ਜਾ ਸਕਦਾ ਹੈ। ਯੋਗ ਬਿਨੈਕਾਰਾਂ ਵਿੱਚ ਸਿਹਤ ਕਰਮਚਾਰੀ, ਸਿੱਖਿਅਕ, ਡਿਜੀਟਲ ਸਮੱਗਰੀ ਨਿਰਮਾਤਾ, ਵਿਗਿਆਨੀ ਅਤੇ ਖੋਜਾਰਥੀ, ਕਾਰਪੋਰੇਟ ਕਾਰਜਕਾਰੀ, ਸਮੁੰਦਰੀ ਅਤੇ ਲੌਜਿਸਟਿਕਸ ਪੇਸ਼ੇਵਰ ਸ਼ਾਮਲ ਹਨ।
ਪ੍ਰੋਗਰਾਮ ਤਹਿਤ ਬਿਨੈਕਾਰਾਂ ਨੂੰ ਸਖ਼ਤ ਪਿਛੋਕੜ ਜਾਂਚ ਪਾਸ ਕਰਨੀ ਹੋਵੇਗੀ, ਜਿਸ ਵਿੱਚ ਮਨੀ ਲਾਂਡਰਿੰਗ ਵਿਰੋਧੀ ਅਤੇ ਅਪਰਾਧਕ ਰਿਕਾਰਡ ਦੀ ਜਾਂਚ ਸ਼ਾਮਲ ਹੈ। ਭਾਰਤ ਵਿੱਚ ਅਰਜ਼ੀ ਅਤੇ ਤਸਦੀਕ ਪ੍ਰਕਿਰਿਆ ਰਿਆਧ ਗਰੁੱਪ ਵੱਲੋਂ VFS ਗਲੋਬਲ ਅਤੇ ਵਨ ਵਾਸਕੋ ਦੇ ਸਹਿਯੋਗ ਨਾਲ ਸੰਭਾਲੀ ਜਾਂਦੀ ਹੈ। ਅਰਜ਼ੀਆਂ ਭੌਤਿਕ ਕੇਂਦਰਾਂ, ਔਨਲਾਈਨ ਪਲੈਟਫਾਰਮਾਂ, ਜਾਂ ਸਮਰਪਿਤ ਕਾਲ ਸੈਂਟਰਾਂ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਉਮੀਦਵਾਰਾਂ ਨੂੰ ਯੂਏਈ ਦੀ ਯਾਤਰਾ ਕੀਤੇ ਬਿਨਾਂ ਪੂਰਵ-ਪ੍ਰਵਾਨਗੀ ਮਿਲ ਸਕਦੀ ਹੈ।
ਗੋਲਡਨ ਵੀਜ਼ਾ ਦੇ ਕੀ ਫਾਇਦੇ ਹਨ?
ਨਵਾਂ ਪ੍ਰੋਗਰਾਮ ਪਿਛਲੇ ਗੋਲਡਨ ਵੀਜ਼ਾ ਮਾਡਲ ਨਾਲੋਂ ਕਈ ਫਾਇਦੇ ਪ੍ਰਦਾਨ ਕਰਦਾ ਹੈ। ਇਸ ਤੋਂ ਪਹਿਲਾਂ ਘੱਟੋ-ਘੱਟ 20 ਲੱਖ ਦਰਹਾਮ (ਕਰੀਬ 4.66 ਕਰੋੜ ਰੁਪਏ) ਦੇ ਰੀਅਲ ਅਸਟੇਟ ਨਿਵੇਸ਼ ਦੀ ਲੋੜ ਹੁੰਦੀ ਸੀ। ਇਸ ਪ੍ਰੋਗਰਾਮ ਨਾਲ ਵੱਡਾ ਵਿੱਤੀ ਬਚਾਅ ਹੋਇਆ ਹੈ। ਨਵੇਂ ਪ੍ਰੋਗਰਾਮ ਵਿੱਚ ਜਾਇਦਾਦ ਦੀ ਮਾਲਕੀ ਦੀ ਪਰਵਾਹ ਕੀਤੇ ਬਿਨਾਂ ਜੀਵਨ ਭਰ ਲਈ ਰਿਹਾਇਸ਼, ਕਿਸੇ ਵੀ ਪੇਸ਼ੇਵਰ ਜਾਂ ਵਪਾਰਕ ਖੇਤਰ ਵਿੱਚ ਕੰਮ ਕਰਨ, ਰਹਿਣ ਜਾਂ ਨਿਵੇਸ਼ ਕਰਨ ਦੀ ਆਜ਼ਾਦੀ, ਪਰਿਵਾਰਕ ਮੈਂਬਰਾਂ ਅਤੇ ਘਰੇਲੂ ਸਟਾਫ ਦੀ ਸਪਾਂਸਰਸ਼ਿਪ, ਘੱਟੋ-ਘੱਟ ਸੰਪਤੀ ਸੀਮਾ ਬਣਾਈ ਰੱਖਣ ਦੀ ਕੋਈ ਲੋੜ ਨਹੀਂ, ਟੈਕਸ ਲਾਭ, ਜਿਸ ਵਿੱਚ ਜ਼ੀਰੋ ਨਿੱਜੀ ਆਮਦਨ ਟੈਕਸ, ਪੂੰਜੀ ਲਾਭ ਟੈਕਸ ਅਤੇ ਵਿਰਾਸਤ ਟੈਕਸ ਸ਼ਾਮਲ ਹਨ।
ਇਹ ਪਹਿਲਕਦਮੀ 2022 ਵਿੱਚ ਸਹੀਬੰਦ ਕੀਤੇ ਗਏ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਦੀ ਦਿਸ਼ਾ ਵਿਚ ਚੁੱਕਿਆ ਗਿਆ ਅਗਲੇਰਾ ਕਦਮ ਹੈ। ਪਹਿਲੇ ਤਿੰਨ ਮਹੀਨਿਆਂ ਵਿੱਚ ਹੀ 5,000 ਤੋਂ ਵੱਧ ਭਾਰਤੀ ਨਾਗਰਿਕਾਂ ਵੱਲੋ ਅਰਜ਼ੀ ਦੇਣ ਦੀ ਉਮੀਦ ਹੈ।
ਸਿਰਫ ਪੈਸੇ ਦੇ ਭੁਗਤਾਨ ਨਾਲ ਗੋਲਡਨ ਵੀਜ਼ਾ ਮਿਲਣਾ ਸੌਖਾ ਨਹੀਂ?
ਭਾਰਤੀਆਂ ਲਈ ਨਵੇਂ ਨਾਮਜ਼ਦਗੀ-ਆਧਾਰਿਤ ਯੂਏਈ ਗੋਲਡਨ ਵੀਜ਼ਾ ਮਾਡਲ ਨੇ ਵਿਆਪਕ ਧਿਆਨ ਖਿੱਚਿਆ ਹੈ, ਪਰ ਪ੍ਰਕਿਰਿਆ ਸਿਰਫ਼ ਫੀਸ ਦਾ ਭੁਗਤਾਨ ਕਰਨ ਜਿੰਨੀ ਸੌਖੀ ਨਹੀਂ ਹੈ। ਯੂਏਈ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਕੋਈ ਵੀ ਵਿਅਕਤੀ ਜਿਸ ਕੋਲ ਚੰਗਾ ਪੈਸਾ ਹੈ, ਉਹ ਖੁ਼ਦ ਬਖ਼ੁਦ ਰੈਜ਼ੀਡੈਂਸੀ ਲਈ ਯੋਗ ਨਹੀਂ ਹੋ ਜਾਂਦਾ। ਭਾਰਤ ਤੋਂ ਆਏ ਨਿਵੇਸ਼ਕਾਂ ਨੂੰ ਜਾਂ ਤਾਂ ਯੂਏਈ-ਪ੍ਰਵਾਨਿਤ ਫੰਡ ਵਿੱਚ 20 ਲੱਖ ਦਰਹਾਮ ਦਾ ਨਿਵੇਸ਼ ਕਰਨਾ ਹੋਵੇਗਾ ਜਾਂ ਇਸੇ ਤਰ੍ਹਾਂ ਦੀ ਕੀਮਤ ਦੀ ਯੋਗ ਰੀਅਲ ਅਸਟੇਟ ਦਾ ਮਾਲਕ ਹੋਣਾ ਹੋਵੇਗਾ। ਉਨ੍ਹਾਂ ਨੂੰ ਮੈਡੀਕਲ ਬੀਮੇ ਦਾ ਸਬੂਤ ਵੀ ਜਮ੍ਹਾਂ ਕਰਾਉਣਾ ਹੋਵੇਗਾ ਅਤੇ ਇਹ ਤਸਦੀਕ ਕਰਨਾ ਹੋਵੇਗਾ ਕਿ ਪੂੰਜੀ ਕਰਜ਼ੇ ’ਤੇ ਨਹੀਂ ਲਈ ਗਈ ਹੈ।