Exit Poll: ਝਾਰਖੰਡ ਵਿੱਚ ਐੱਨਡੀਏ ਨੂੰ ਸਪਸ਼ਟ ਬਹੁਮਤ
ਭਾਜਪਾ ਤੇ ਭਾਈਵਾਲ ਨੂੰ 42-47 ਜਦਕਿ ਇੰਡੀਆ ਗਠਜੋੜ ਨੂੰ ਮਿਲ ਸਕਦੀਆਂ ਹਨ 25-30 ਸੀਟਾਂ; ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਹੋਇਆ ਖੁਲਾਸਾ
ਨਵੀਂ ਦਿੱਲੀ, 20 ਨਵੰਬਰ
ਝਾਰਖੰਡ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਨੂੰ ਸਪਸ਼ਟ ਬਹੁਮਤ ਮਿਲਣ ਦਾ ਅਨੁਮਾਨ ਹੈ ਜਦੋਂਕਿ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ ਘੱਟ ਸੀਟਾਂ ’ਤੇ ਸਬਰ ਕਰਨਾ ਪੈ ਰਿਹਾ ਹੈ। ਇਹ ਖੁਲਾਸਾ ਮੈਟਰਾਈਜ਼ ਦੇ ਐਗਜ਼ਿਟ ਪੋਲ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਝਾਰਖੰਡ ਵਿਚ ਭਾਜਪਾ ਤੇ ਸਹਿਯੋਗੀ ਪਾਰਟੀਆਂ ਸਰਕਾਰ ਬਣਾ ਸਕਦੀਆਂ ਹਨ। ਇਥੇ ਦੋ ਪੜਾਵਾਂ ਵਿੱਚ ਵੋਟਾਂ ਪਈਆਂ ਸਨ।
ਮੈਟਰਾਈਜ਼ ਐਗਜ਼ਿਟ ਪੋਲ ਅਨੁਸਾਰ ਭਾਜਪਾ ਅਤੇ ਇਸ ਦੇ ਗਠਜੋੜ ਭਾਈਵਾਲਾਂ ਨੂੰ 42-47 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦੋਂ ਕਿ ਜੇਐਮਐਮ-ਕਾਂਗਰਸ ਅਤੇ ਆਰਜੇਡੀ ਗਠਜੋੜ ਨੂੰ 25-30 ਸੀਟਾਂ ਦਿਖਾਈਆਂ ਗਈਆਂ ਹਨ। ਵੋਟ ਸ਼ੇਅਰ ਦੇ ਮਾਮਲੇ ’ਚ ਭਾਜਪਾ ਕਬਾਇਲੀ ਸੂਬੇ ’ਚ ਸੱਤਾਧਾਰੀ ਪਾਰਟੀ ਤੋਂ ਕਾਫੀ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ। ਇਸ ਅਨੁਸਾਰ ਭਾਜਪਾ ਨੂੰ 44 ਫੀਸਦੀ ਤੋਂ ਵੱਧ ਵੋਟ ਸ਼ੇਅਰ ਮਿਲਣ ਦੀ ਸੰਭਾਵਨਾ ਹੈ ਜਦੋਂ ਕਿ ਇੰਡੀਆ ਗਠਜੋੜ ਦਾ 38 ਫੀਸਦੀ ਵੋਟ ਸ਼ੇਅਰ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 2019 ਦੀਆਂ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਨੇ 47 ਸੀਟਾਂ ’ਤੇ ਜਿੱਤ ਦਰਜ ਕੀਤੀ ਜਦੋਂ ਕਿ ਐਨਡੀਏ ਨੇ 25 ਸੀਟਾਂ ਜਿੱਤੀਆਂ ਸਨ। ਮੈਟਰਾਈਜ਼ ਨੇ ਝਾਰਖੰਡ ਦੇ 87,000 ਤੋਂ ਵੱਧ ਲੋਕਾਂ ਅਨੁਸਾਰ ਚੋਣ ਅਨੁਮਾਨ ਲਾਇਆ ਹੈ। ਆਈਏਐਨਐਸ

