Ex-MLA sentenced 6 months jail: ਸੰਸਦ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਸਾਬਕਾ ਵਿਧਾਇਕ ਨੂੰ 6 ਮਹੀਨੇ ਕੈਦ ਦੀ ਸਜ਼ਾ
ਨਵੀਂ ਦਿੱਲੀ, 30 ਮਈ
ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕਿਸ਼ੋਰ ਸਮਰਾਈਤ ਨੂੰ ਆਪਣੀਆਂ 'ਅਧੂਰੀਆਂ ਮੰਗਾਂ' ਕਾਰਨ ਸਤੰਬਰ 2022 ਵਿੱਚ ਸੰਸਦ ਨੂੰ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਕਿਹਾ, "ਦੋਸ਼ੀ ਨੂੰ ਆਈਪੀਸੀ ਦੀ ਧਾਰਾ 506 (II) ਦੇ ਤਹਿਤ ਜੁਰਮਾਨੇ ਦੇ ਨਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।’’
ਗ਼ੌਰਤਲਬ ਹੈ ਕਿ 16 ਸਤੰਬਰ, 2022 ਨੂੰ ਸੰਸਦ ਭਵਨ ਵਿਖੇ ਸਪੀਡ ਪੋਸਟ ਰਾਹੀਂ ਭਾਰਤੀ ਝੰਡੇ ਤੋਂ ਇਲਾਵਾ ਵਿਸਫੋਟਕਾਂ ਨਾਲ ਸਬੰਧਤ ਕੁਝ ਸ਼ੱਕੀ ਪਦਾਰਥ ਵਾਲਾ ਇੱਕ ਪਾਰਸਲ ਪ੍ਰਾਪਤ ਹੋਇਆ ਸੀ।
ਜੱਜ ਨੇ ਕਿਹਾ ਕਿ ਬਾਲਾਘਾਟ ਦੇ ਲਾਂਜੀ ਤੋਂ ਸਾਬਕਾ ਵਿਧਾਇਕ ਸਮਰਾਈਤ ਵੱਲੋਂ ਸੰਸਦ ਭਵਨ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਪੱਤਰ ਅੱਗ ਲਗਾ ਕੇ ਜਾਇਦਾਦ ਨੂੰ ਤਬਾਹ ਕਰਨ ਦੀ ਧਮਕੀ ਵਾਲਾ ਸੀ, ਜਿਸ ਕਾਰਨ ਉਹ ਆਈਪੀਸੀ ਦੀ ਧਾਰਾ 506 ਦੇ ਭਾਗ II ਦੇ ਤਹਿਤ ਦੋਸ਼ੀ ਠਹਿਰਾਇਆ ਜਾ ਸਕਦਾ ਹੈ।
ਹਾਲਾਂਕਿ, ਜੱਜ ਨੇ ਸਮਰਾਈਤ ਨੂੰ ਵਿਸਫੋਟਕ ਐਕਟ ਦੇ ਤਹਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਅਜਿਹਾ ਇਹ ਗੱਲ ਸਾਹਮਣੇ ਆਉਣ ਪਿੱਛੋਂ ਕੀਤਾ ਕਿ ਪਾਰਸਲ ਵਿਚੋਂ ਮਿਲਿਆ ਪਦਾਰਥ ਐਕਟ ਦੇ ਤਹਿਤ "ਵਿਸਫੋਟਕ" ਨਹੀਂ ਬਣਦਾ।
ਅਦਾਲਤ ਨੇ ਪਹਿਲਾਂ ਦਸੰਬਰ 2022 ਵਿੱਚ ਇਹ ਨੋਟ ਕਰਦੇ ਹੋਏ ਕਿ ਸੰਸਦ ਨੂੰ ਉਡਾਉਣ ਦੀ ਧਮਕੀ ਨਾਲ ਕਿਸੇ ਵੀ ਤਰ੍ਹਾਂ ਦਾ ਵਿਸਫੋਟ ਜਾਂ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ, ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਸੀ। ਜਾਂਚ ਦੌਰਾਨ, ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨੇ 19 ਸਤੰਬਰ, 2022 ਨੂੰ ਸੁਪਰੀਮ ਕੋਰਟ ਨੂੰ ਵੀ ਇੱਕ ਅਜਿਹਾ ਹੀ ਪਾਰਸਲ ਭੇਜਿਆ ਸੀ ਅਤੇ ਇਸ ਸਬੰਧ ਵਿੱਚ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਸੀ। ਪੀਟੀਆਈ