DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਸਭ ਦੇ ਬੌਸ’ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ: ਰਾਜਨਾਥ

ਭਾਰਤ ਦੁਨੀਆ ਦਾ ਸਭ ਤੋਂ ਸ਼ਾਨਦਾਰ-ਜਾਨਦਾਰ ਤੇ ਗਤੀਸ਼ੀਲ ਅਰਥਚਾਰਾ ਕਰਾਰ; ਵੱਖ-ਵੱਖ ਦੇਸ਼ਾਂ ਨੂੰ 24000 ਕਰੋਡ਼ ਦੇ ਰੱਖਿਆ ਉਤਪਾਦ ਬਰਾਮਦ ਕਰਨ ਦਾ ਦਾਅਵਾ
  • fb
  • twitter
  • whatsapp
  • whatsapp
featured-img featured-img
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੋਂ ਹੋਣ ਵਾਲੀ ਦਰਾਮਦ ’ਤੇ 50 ਫੀਸਦ ਟੈਕਸ ਲਗਾਏ ਜਾਣ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ‘ਸਾਰਿਆਂ ਦੇ ਬੌਸ ਤਾਂ ਅਸੀਂ ਹਾਂ’ ਦਾ ਭਰਮ ਪਾਲਣ ਵਾਲੇ ਕੁਝ ਦੇਸ਼ਾਂ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਅੱਜ ਭਾਰਤ ਦੇ ਅਰਥਚਾਰੇ ਨੂੰ ਦੁਨੀਆ ਦਾ ਸਭ ਤੋਂ ‘ਸ਼ਾਨਦਾਰ-ਜਾਨਦਾਰ ਤੇ ਗਤੀਸ਼ੀਲ’ ਅਰਥਚਾਰਾ ਕਰਾਰ ਦਿੱਤਾ। ਉਨ੍ਹਾਂ ਇੱਥੇ ਰਾਇਸੇਨ ਵਿੱਚ ਭਾਰਤ ਅਰਥ ਮੂਵਰਜ਼ ਲਿਮਿਟਡ (ਬੀਈਐੱਮਐੱਲ) ਦੀ ਰੇਲ ਕੋਚ ਇਕਾਈ ਦੇ ਭੂਮੀ ਪੂਜਨ ਤੋਂ ਬਾਅਦ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਭਾਰਤ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਦੁਨੀਆ ਦੀ ਕੋਈ ਤਾਕਤ ਉਸ ਨੂੰ ਵਿਸ਼ਵ ਦੀ ਇਕ ਵੱਡੀ ਸ਼ਕਤੀ ਬਣਨ ਤੋਂ ਰੋਕ ਨਹੀਂ ਸਕਦੀ ਹੈ। ਉਨ੍ਹਾਂ ਕਿਹਾ, ‘‘ਹੁਣ ਅਸੀਂ 24,000 ਕਰੋੜ ਤੋਂ ਜ਼ਿਆਦਾ ਦੇ ਰੱਖਿਆ ਉਤਪਾਦ ਦੁਨੀਆ ਦੇ ਦੇਸ਼ਾਂ ਨੂੰ ਬਰਾਮਦ ਕਰ ਰਹੇ ਹਾਂ। ਇਹ ਭਾਰਤ ਦੀ ਤਾਕਤ ਹੈ। ਇਹ ਨਵੇਂ ਭਾਰਤ ਦਾ ਨਵਾਂ ਰੱਖਿਆ ਖੇਤਰ ਹੈ।’’

ਰੱਖਿਆ ਮੰਤਰੀ ਨੇ ਕਿਹਾ, ‘‘ਉਹ ਸੋਚਦੇ ਹਨ ਕਿ ਅਸੀਂ ਸਾਰਿਆਂ ਦੇ ਬੌਸ ਹਾਂ ਅਤੇ ਭਾਰਤ ਐਨੀ ਤੇਜ਼ੀ ਨਾਲ ਅੱਗੇ ਕਿਵੇਂ ਨਿਕਲ ਰਿਹਾ ਹੈ? ਕਈ ਲੋਕ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਵਿੱਚ ਭਾਰਤੀਆਂ ਵੱਲੋਂ ਹੱਥਾਂ ਨਾਲ ਬਣਾਈਆਂ ਗਈਆਂ ਵਸਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਣ ਤਾਂ ਉਹ ਉਨ੍ਹਾਂ ਮੁਲਕਾਂ ਵਿੱਚ ਬਣੀਆਂ ਵਸਤਾਂ ਨਾਲੋਂ ਵੀ ਮਹਿੰਗੀਆਂ ਹੋ ਜਾਣ ਅਤੇ ਉਹ ਇਹ ਐਨੀਆਂ ਮਹਿੰਗੀਆਂ ਹੋ ਜਾਣਗੀਆਂ ਤਾਂ ਦੁਨੀਆ ਦੇ ਲੋਕ ਉਨ੍ਹਾਂ ਨੂੰ ਖਰੀਦ ਹੀ ਨਹੀਂ ਸਕਣਗੇ।’’ ਉਨ੍ਹਾਂ ਕਿਹਾ, ‘‘ਸਾਲ 2014 ਵਿੱਚ ਅਰਥਚਾਰੇ ਦੇ ਮਾਮਲੇ ਵਿੱਚ ਭਾਰਤ 11ਵੇਂ ਸਥਾਨ ’ਤੇ ਸੀ। ਅੱਜ ਸਾਡਾ ਭਾਰਤ ਦੁਨੀਆ ਦੇ ਸਿਖ਼ਰਲੇ ਚਾਰ ਦੇਸ਼ਾਂ ਦੀ ਕਤਾਰ ਵਿੱਚ ਆ ਗਿਆ ਹੈ। ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਜੇਕਰ ਕਿਸੇ ਦੇਸ਼ ਦਾ ਹੈ ਤਾਂ ਉਹ ਸਾਡੇ ਭਾਰਤ ਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਦਾ ਮਤਲਬ ਹੈ ਦੇਸ਼ ਅੱਗੇ ਵਧ ਰਿਹਾ ਹੈ ਅਤੇ ਦੇਸ਼ ਵਾਸੀ ਵੀ ਅੱਗੇ ਵਧ ਰਹੇ ਹਨ ਕਿਉਂਕਿ ਦੇਸ਼ ਵਾਸੀ ਅੱਗੇ ਨਹੀਂ ਵਧਣਗੇ ਤਾਂ ਭਾਰਤ ਅੱਗੇ ਨਹੀਂ ਵਧ ਸਕਦਾ।’’

Advertisement

ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਾਂ ਰੱਖਿਆ ਉਤਪਾਦਨ ਨਾਲ ਜੁੜੀਆਂ ਵਸਤਾਂ ਵਿਦੇਸ਼ਾਂ ਵਿੱਚ ਬਣਾਈਆਂ ਜਾਂਦੀਆਂ ਸਨ ਅਤੇ ਭਾਰਤ ਉਨ੍ਹਾਂ ਕੋਲੋਂ ਖਰੀਦਦਾ ਸੀ। ਉਨ੍ਹਾਂ ਕਿਹਾ, ‘‘ਪਰ ਅੱਜ ਇਨ੍ਹਾਂ ’ਚੋਂ ਬਹੁਤੀਆਂ ਵਸਤਾਂ ਨਾ ਸਿਰਫ਼ ਭਾਰਤ ਵਿੱਚ ਬਲਕਿ ਭਾਰਤੀਆਂ ਹੱਥੋਂ ਬਣ ਰਹੀਆਂ ਹਨ। ਅਸੀਂ ਨਾ ਸਿਰਫ਼ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਹਾਂ ਬਲਕਿ ਅਸੀਂ ਦੁਨੀਆ ਦੇ ਦੂਜੇ ਦੇਸ਼ਾਂ ਨੂੰ ਵੀ ਬਰਾਮਦ ਕਰਨ ਦਾ ਕੰਮ ਕਰ ਰਹੇ ਹਾਂ। ਦੁਨੀਆ ਦੇ ਦੇਸ਼ ਸਾਡਾ ਸਾਮਾਨ ਖਰੀਦ ਰਹੇ ਹਨ।’’

ਬੀਈਐੱਮਐੱਲ ਦੀ ਰੇਲ ਕੋਚ ਇਕਾਈ ਦਾ ਨੀਂਹ ਪੱਥਰ ਰੱਖਿਆ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਉਮਰੀਆ ਪਿੰਡ ਵਿੱਚ 1800 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ‘ਭਾਰਤ ਅਰਥ ਮੂਵਰਜ਼ ਲਿਮਿਟਡ’ (ਬੀਈਐੱਮਐੱਲ) ਦੀ ਰੇਲ ਕੋਚ ਇਕਾਈ ਦਾ ਭੂਮੀ ਪੂਜਨ ਕੀਤਾ। ਇਸ ਪ੍ਰਾਜੈਕਟ ਦਾ ਨਾਮ ‘ਬ੍ਰਹਮਾ’ (ਬੀਈਐੱਮਐੱਲ ਰੇਲ ਹੱਬ ਫਾਰ ਮੈਨੁਫੈਕਚਰਿੰਗ) ਰੱਖਿਆ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਉਤਪਾਦਨ ਸਮਰੱਥਾ 125 ਤੋਂ 200 ਕੋਚ ਪ੍ਰਤੀ ਸਾਲ ਹੋਵੇਗੀ, ਜਿਸ ਨੂੰ ਪੰਜ ਸਾਲਾਂ ਵਿੱਚ ਵਧਾ ਕੇ 1100 ਕੋਚ ਪ੍ਰਤੀ ਸਾਲ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਅਬਦੁੱਲ੍ਹਾਗੰਜ ਦੇ ਦਸਹਿਰਾ ਮੈਦਾਨ ਵਿੱਚ ਕਰਵਾਏ ਗਏ ਇਸ ਸਮਾਰੋਹ ਵਿੱਚ ਮੁੱਖ ਮੰਤਰੀ ਮੋਹਨ ਯਾਦਵ, ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।

Advertisement
×