ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਦਾ ਹਰ ਸ਼ਬਦ ਕੌਮੀ ਹਿੱਤ ਤੋਂ ਪ੍ਰੇਰਿਤ ਹੁੰਦੈ: ਧਨਖੜ
ਨਵੀਂ ਦਿੱਲੀ, 22 ਅਪਰੈਲ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਹਰ ਵਿਅਕਤੀ ਵੱਲੋਂ ਆਖਿਆ ਗਿਆ ਹਰੇਕ ਸ਼ਬਦ ਸਰਵਉੱਚ ਕੌਮੀ ਹਿੱਤ ਤੋਂ ਪ੍ਰੇਰਿਤ ਹੁੰਦਾ ਹੈ। ਉਨ੍ਹਾਂ ਹਾਲ ਹੀ ’ਚ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮ ਬਾਰੇ ਕੀਤੀ ਗਈ ਆਪਣੀ ਟਿੱਪਣੀ ’ਤੇ ਸਵਾਲ ਚੁੱਕਣ ਵਾਲੇ ਆਲੋਚਕਾਂ ’ਤੇ ਨਿਸ਼ਾਨਾ ਵੀ ਸੇਧਿਆ। ਦਿੱਲੀ ਯੂਨੀਵਰਸਿਟੀ ਦੇ ਸਮਾਗਮ ’ਚ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਸ੍ਰੀ ਧਨਖੜ ਨੇ ਕਿਹਾ ਕਿ ਦੇਸ਼ ਖ਼ਿਲਾਫ਼ ਕੰਮ ਕਰਨ ਵਾਲੀਆਂ ਤਾਕਤਾਂ ਵੱਲੋਂ ਸੰਸਥਾਵਾਂ ਦੀ ਨਿਖੇਧੀ ਕਰਨ ਤੇ ਉਨ੍ਹਾਂ ਨੂੰ ਬਰਬਾਦ ਕਰਨ ਦੇ ਯਤਨਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਸੰਸਦ ਨੂੰ ਸਰਵਉੱਚ ਦੱਸਦਿਆਂ ਸ੍ਰੀ ਧਨਖੜ ਨੇ ਕਿਹਾ,‘ਸੰਵਿਧਾਨ ਵਿੱਚ ਸੰਸਦ ਤੋਂ ਉੱਪਰ ਕਿਸੇ ਅਥਾਰਿਟੀ ਦੀ ਕਲਪਨਾ ਨਹੀਂ ਕੀਤੀ ਗਈ ਹੈ। ਸੰਸਦ ਸਭ ਤੋਂ ਉੱਪਰ ਹੈ...ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਓਨੀ ਹੀ ਸਰਵਉੱਚ ਹੈ ਜਿੰਨੀ ਕਿ ਮੁਲਕ ਦਾ ਹਰ ਵਿਅਕਤੀ।’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਹਾਲ ਹੀ ’ਚ ਰਾਜਪਾਲਾਂ ਵੱਲੋਂ ਰੋਕ ਕੇ ਰੱਖੇ ਬਿੱਲਾਂ ’ਤੇ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਉਨ੍ਹਾਂ ਨੂੰ ਫ਼ੈਸਲਾ ਲੈਣ ਲਈ ਤਿੰਨ ਮਹੀਨੇ ਦੀ ਸਮਾਂ-ਸੀਮਾ ਤੈਅ ਕੀਤੀ ਸੀ, ਜਿਸ ’ਤੇ ਉਪ ਰਾਸ਼ਟਰਪਤੀ ਨੇ ਕਾਫ਼ੀ ਤਿੱਖੀ ਟਿੱਪਣੀ ਕੀਤੀ ਸੀ।
ਇਸ ਦੌਰਾਨ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਸ੍ਰੀ ਧਨਖੜ ਦੀ ਟਿੱਪਣੀ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇਕਰ ਕੋਈ ਗਲਤ ਕਾਨੂੰਨ ਬਣਦਾ ਹੈ ਤੇ ਸੰਵਿਧਾਨ ਦੀਆਂ ਧਾਰਾਵਾਂ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਨਿਆਂਪਾਲਿਕਾ ਦਖ਼ਲ ਦੇਵੇਗੀ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਸੰਵਿਧਾਨ ਵਿੱਚ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ’ਚ ਸ਼ਕਤੀਆਂ ਦੀ ਸਪੱਸ਼ਟ ਵੰਡ ਕੀਤੀ ਗਈ ਹੈ।
ਦੇਸ਼ ਵਿੱਚ ਸੰਵਿਧਾਨ ਸਰਵਉੱਚ: ਸਿੱਬਲ
ਰਾਜ ਸਭਾ ਮੈਂਬਰ ਕਪਿਲ ਸਿੱਬਲ ਕਿਹਾ ਕਿ ਦੇਸ਼ ਵਿੱਚ ਨਾ ਤਾਂ ਸੰਸਦ ਸਰਵਉੱਚ ਹੈ ਅਤੇ ਨਾ ਹੀ ਕਾਰਜਪਾਲਿਕਾ ਸਗੋਂ ਸੰਵਿਧਾਨ ਸਰਵਉੱਚ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਕਹੀ ਗਈ ਹਰ ਗੱਲ ਦੇਸ਼ ਦੇ ਸੰਵਿਧਾਨਕ ਮੁੱਲਾਂ ਦੇ ਅਨੁਕੂਲ ਹੈ ਅਤੇ ਰਾਸ਼ਟਰੀ ਹਿੱਤ ਵੱਲੋਂ ਸੇਧਿਤ ਹੈ। ਐਕਸ ’ਤੇ ਪਾਈਆਂ ਪੋਸਟਾਂ ਵਿੱਚ ਸਿੱਬਲ ਦੀਆਂ ਟਿੱਪਣੀਆਂ ਧਨਖੜ ਦੇ ਇਹ ਕਹਿਣ ਤੋਂ ਤੁਰੰਤ ਬਾਅਦ ਆਈਆਂ ਹਨ ਕਿ ਕਿਸੇ ਸੰਵਿਧਾਨਕ ਅਥਾਰਟੀ ਵੱਲੋਂ ਬੋਲਿਆ ਗਿਆ ਹਰ ਸ਼ਬਦ ਸਰਵਉੱਚ ਕੌਮੀ ਹਿੱਤ ਰਾਹੀਂ ਸੇਧਿਤ ਹੁੰਦਾ ਹੈ।