ਸੰਸਦ ਦਾ ਹਰ ਸਕਿੰਟ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ: ਧਨਖੜ
ਆਈਆਈਟੀ ਦੇ ਵਿਦਿਆਰਥੀਆਂ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਉਪਾਅ ਲੱਭਣ ਦਾ ਦਿੱਤਾ ਸੱਦਾ
ਕਾਨਪੁਰ, 1 ਦਸੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੰਸਦ ਲੋਕ ਭਲਾਈ ਵਾਸਤੇ ਹੈ ਅਤੇ ਸਦਨ ਦੇ ਕੰਮਕਾਜ ਦੇ ਹਰੇਕ ਸਕਿੰਟ ਦਾ ਇਸਤੇਮਾਲ ਲੋਕ ਭਲਾਈ ਲਈ ਕੀਤਾ ਜਾਣਾ ਚਾਹੀਦਾ ਹੈ। ਧਨਖੜ ਇੱਥੇ ਸੇਠ ਆਨੰਦਰਾਮ ਜੈਪੁਰੀਆ ਸਕੂਲ ਦੇ ਗੋਲਡਨ ਜੁਬਲੀ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਉਪ ਰਾਸ਼ਟਰਪਤੀ ਜੋ ਕਿ ਰਾਜ ਸਭਾ ਦੇ ਸਭਾਪਤੀ ਵੀ ਹਨ, ਵੱਲੋਂ ਇਹ ਟਿੱਪਣੀਆਂ ਪਿਛਲੇ ਹਫ਼ਤੇ ਅਡਾਨੀ ਸਮੂਹ ਨਾਲ ਜੁੜੇ ਵਿਵਾਦ ਅਤੇ ਸੰਭਲ ਤੇ ਮਨੀਪੁਰ ਵਿੱਚ ਹਿੰਸਾ ਵਰਗੇ ਵੱਖ-ਵੱਖ ਮੁੱਦਿਆਂ ’ਤੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕੀਤੀਆਂ ਗਈਆਂ।
ਧਨਖੜ ਨੇ ਇੱਥੇ ਕਿਹਾ, ‘‘ਅਸੀਂ ਭਾਰਤੀ ਸੰਵਿਧਾਨ ਨੂੰ ਅਪਨਾਉਣ ਦੀ ਸਦੀ ਦੀ ਚੌਥੀ ਤਿਮਾਹੀ ਵਿੱਚ ਦਾਖ਼ਲ ਹੋ ਚੁੱਕੇ ਹਨ, ਇਸ ਵਾਸਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਦੇ ਮੰਦਰ ਵਿੱਚ ਹਰੇਕ ਸਕਿੰਟ ਦਾ ਇਸਤੇਮਾਲ ਵੱਡੀ ਪੱਧਰ ’ਤੇ ਲੋਕਾਂ ਦੀ ਭਲਾਈ ਲਈ ਕੀਤਾ ਜਾਵੇ।’’
ਉਪ ਰਾਸ਼ਟਰਪਤੀ ਨੇ ਕਿਹਾ, ‘‘ਸੰਸਦ ਲੋਕਾਂ ਦੀ ਭਲਾਈ ਲਈ ਹੈ ਅਤੇ ਇਸ ਨੂੰ ਅਪਵਿੱਤਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਭਰੋਸਾ ਹੈ ਕਿ ਸਬੰਧਤ ਧਿਰਾਂ, ਖ਼ਾਸ ਕਰ ਕੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਸਾਰੇ ਕਦਮ ਉਠਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੇ ਵਿਹਾਰ ਨੂੰ ਅਨੁਸ਼ਾਸਨ ਤੇ ਸ਼ਿਸ਼ਟਾਚਾਰ ਨਾਲ ਨਿਭਾਈਏ।’’ ਉਨ੍ਹਾਂ ਸਮਾਰੋਹ ਵਿੱਚ ਮੌਜੂਦ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਹਰੇਕ ਵਾਰ ਜਦੋਂ ਮੈਂ ਰਾਜਪਾਲ (ਪਟੇਲ) ਨਾਲ ਗੱਲ ਕਰਦਾ ਹਾਂ ਤਾਂ ਇਕ ਗੱਲ ਜੋ ਆਮ ਤੌਰ ’ਤੇ ਸੁਣਨ ਨੂੰ ਮਿਲਦੀ ਹੈ ਉਹ ਇਹ ਹੈ ਕਿ ਕੀ ਅਸੀਂ ਅਸਲ ਵਿੱਚ ਸਿੱਖਿਆ ਦੇ ਅਧਿਕਾਰ ਦੇ ਸਾਰ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ? ਇਹ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਕੋਲ ਗੁਣਵੱਤਾਪੂਰਨ ਸਿੱਖਿਆ ਤੱਕ ਪਹੁੰਚ ਨਹੀਂ ਹੈ ਅਤੇ ਇਸ ਵਾਸਤੇ ਇਕ ਪ੍ਰਬੰਧ ਆਇਆ ਕਿ ਸਾਨੂੰ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਵਰਗੀਕਰਨ ਕਰਨਾ ਚਾਹੀਦਾ ਹੈ।’’ ਧਨਖੜ ਨੇ ਆਈਆਈਟੀ ਦੇ ਵਿਦਿਆਰਥੀਆਂ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਉਪਾਅ ਲੱਭਣ ਦਾ ਸੱਦਾ ਦਿੱਤਾ। -ਪੀਟੀਆਈ