ਪਾਕਿ ਦੀ ਇੰਚ-ਇੰਚ ਜ਼ਮੀਨ ‘ਬ੍ਰਹਮੋਸ’ ਦੇ ਨਿਸ਼ਾਨੇ ’ਤੇ: ਰਾਜਨਾਥ
ਬ੍ਰਹਮੋਸ ਮਿਜ਼ਾੲਿਲਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾੲੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਦੇ ਖੇਤਰ ਦੀ ਇੰਚ-ਇੰਚ ਜ਼ਮੀਨ ਬ੍ਰਾਹਮੋਸ ਦੇ ਨਿਸ਼ਾਨੇ ’ਤੇ ਹੈ ਅਤੇ ਅਪਰੇਸ਼ਨ ਸੰਧੂਰ ਤਾਂ ਸਿਰਫ਼ ਟਰੇਲਰ ਸੀ। ਇਸ ਅਪਰੇਸ਼ਨ ਨੇ ਸਾਬਤ ਕਰ ਦਿੱਤਾ ਕਿ ਜਿੱਤ ਭਾਰਤ ਲਈ ਆਦਤ ਹੈ। ਕੇਂਦਰੀ ਮੰਤਰੀ ਨੇ ਇੱਥੇ ਸਰੋਜਨੀ ਨਗਰ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਬ੍ਰਹਮੋਸ ਏਅਰੋਸਪੇਸ ਯੂਨਿਟ ਵਿੱਚ ਤਿਆਰ ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਉਨ੍ਹਾਂ ਬ੍ਰਹਮੋਸ ਨੂੰ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਦੱਸਿਆ ਅਤੇ ਕਿਹਾ, ‘‘ਬ੍ਰਹਮੋਸ ਸਿਰਫ਼ ਮਿਜ਼ਾਈਲ ਨਹੀਂ, ਇਹ ਭਾਰਤ ਦੇ ਰਣਨੀਤਕ ਭਰੋਸੇ ਦਾ ਸਬੂਤ ਹੈ। ਫੌਜ ਤੋਂ ਲੈ ਕੇ ਜਲ ਸੈਨਾ ਅਤੇ ਹਵਾਈ ਸੈਨਾ ਤੱਕ, ਇਹ ਸਾਡੇ ਰੱਖਿਆ ਬਲਾਂ ਦਾ ਥੰਮ੍ਹ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਹੁਣ ਹਰ ਤਰ੍ਹਾਂ ਦੇ ਸ਼ਕਤੀਸ਼ਾਲੀ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹਨ।
ਰੱਖਿਆ ਮੰਤਰੀ ਨੇ ਕਿਹਾ, ‘‘ਪਾਕਿਸਤਾਨੀ ਖੇਤਰ ਦੀ ਇੰਚ-ਇੰਚ ਜ਼ਮੀਨ ਬ੍ਰਹਮੋਸ ਦੇ ਨਿਸ਼ਾਨੇ ’ਤੇ ਹੈ। ਅਪਰੇਸ਼ਨ ਸਿੰਧੂਰ ਦੌਰਾਨ ਜੋ ਕੁੱਝ ਹੋਇਆ, ਉਹ ਸਿਰਫ਼ ਟਰੇਲਰ ਸੀ ਪਰ ਉਸ ਨੇ ਹੀ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਜੇ ਭਾਰਤ, ਪਾਕਿਸਤਾਨ ਬਣਾ ਸਕਦਾ ਹੈ ਤਾਂ ਸਮਾਂ ਆਉਣ ’ਤੇ ਉਹ... ਹੁਣ ਮੈਨੂੰ ਅੱਗੇ ਬੋਲਣ ਦੀ ਕੋਈ ਲੋੜ ਨਹੀਂ, ਤੁਸੀਂ ਖੁਦ ਸਮਝਦਾਰ ਹੋ। ਅਪਰੇਸ਼ਨ ਸਿੰਧੂਰ ਨੇ ਸਿੱਧ ਕਰ ਦਿੱਤਾ ਕਿ ਹੁਣ ਜਿੱਤ ਸਾਡੇ ਲਈ ਕੋਈ ਛੋਟੀ-ਮੋਟੀ ਘਟਨਾ ਨਹੀਂ ਰਹੀ, ਸਗੋਂ ਇਹ ਸਾਡੀ ਆਦਤ ਬਣ ਚੁੱਕੀ ਹੈ। ਹੁਣ ਸਾਨੂੰ ਇਸ ਆਦਤ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲੈਣਾ ਹੋਵੇਗਾ।’’
ਪੀਟੀਸੀ ਇੰਡਸਟਰੀਜ਼ ਦੇ ਪਲਾਂਟ ਦਾ ਉਦਘਾਟਨ
ਲਖਨਊ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਪੀਟੀਸੀ ਇੰਡਸਟਰੀਜ਼ ਦੇ ਟਾਇਟੇਨੀਅਮ ਤੇ ਸੁਪਰ ਅਲੌਏ ਮੈਟੀਰੀਅਲ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੇ ਅਜਿਹੀ ਉਦਯੋਗਿਕ ਕ੍ਰਾਂਤੀ ਦੇਖੀ ਹੈ ਜਿਸ ਬਾਰੇ ਦਸ ਸਾਲ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਇਹ ਉਦਘਾਟਨ ਉੱਤਰ ਪ੍ਰਦੇਸ਼ ਦੀ ਧਰਤੀ ’ਤੇ ਹੋ ਰਿਹਾ ਹੈ ਅਤੇ ਇਹ ਵੀ ਮਹੱਤਵਪੂਰਨ ਹੈ ਕਿ ਅੱਜ ਤੋਂ ਲਗਪਗ 10 ਸਾਲ ਪਹਿਲਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਉੱਤਰ ਪ੍ਰਦੇਸ਼ ਅਜਿਹੀ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਕਰੇਗਾ। ਇਸ ਦੌਰਾਨ ਮੁੱਖੀ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਹੁਣ ਸਿਰਫ਼ ਵਿਚਾਰ ਨਹੀਂ, ਸਗੋਂ ਸਾਕਾਰ ਹੁੰਦੀ ਹਕੀਕਤ ਹੈ। -ਪੀਟੀਆਈ
ਫ਼ੈਸਲਾਕੁਨ ਜਵਾਬ ਦੇਵਾਂਗੇ: ਮੁਨੀਰ
ਇਸਲਾਮਾਬਾਦ: ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੇ ਅੱਜ ਭਾਰਤ ਨੂੰ ਮਾਮੂਲੀ ਭੜਕਾਹਟ ’ਤੇ ਵੀ ‘ਫ਼ੈਸਲਾਕੁਨ ਜਵਾਬ’ ਦੇਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ‘ਪਰਮਾਣੂ ਹਥਿਆਰਾਂ ਵਾਲੀ ਦੁਨੀਆ’ ਵਿੱਚ ਜੰਗ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਇਹ ਗੱਲ ਖੈਬਰ ਖਪਤੂਨਖਵਾ ਦੇ ਐਬਟਾਬਾਦ ਸਥਿਤ ਮੁੱਖ ਪਾਕਿਸਤਾਨ ਮਿਲਟਰੀ ਅਕੈਡਮੀ (ਪੀ ਐੱਮ ਏ) ਕਾਕੁਲ ਵਿੱਚ ਫੌਜ ਦੇ ਕੈਡਿਟਾਂ ਦੀ ਪਾਸਿੰਗ ਆਊਟ ਪਰੇਡ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਆਖਿਆ, ‘‘ਮੈਂ ਭਾਰਤ ਦੀ ਫੌਜੀ ਲੀਡਰਸ਼ਿਪ ਨੂੰ ਸਲਾਹ ਦਿੰਦਾ ਹਾਂ ਅਤੇ ਦ੍ਰਿੜ੍ਹਤਾ ਨਾਲ ਚੌਕੰਨੇ ਕਰਦਾ ਹਾਂ ਕਿ ਪਰਮਾਣੂ (ਹਥਿਆਰਾਂ ਨਾਲ) ਸਮਰੱਥ ਮਾਹੌਲ ’ਚ ਜੰਗ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਕਦੇ ਵੀ ਡਰਾਂਗੇ ਨਹੀਂ ਅਤੇ ਬਿਨਾਂ ਕਿਸੇ ਝਿਜਕ ਤੋਂ ਮਾਮੂਲੀ ਭੜਕਾਹਟ ਦਾ ਵੀ ਫ਼ੈਸਲਾਕੁਨ ਜਵਾਬ ਦੇਵਾਂਗੇ।’’ ਭਾਰਤ-ਪਾਕਿਸਤਾਨ ਦਰਮਿਆਨ ਹਾਲੀਆ ਫੌਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਮੁਨੀਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਲਕ ਦੀਆਂ ਹਥਿਆਰਬੰਦ ਫੌਜਾਂ ਨੇ ਸਾਰੇ ਖ਼ਤਰੇ ‘ਬੇਅਸਰ’ ਕਰ ਕੇ ‘ਜ਼ਿਕਰਯੋਗ ਪੇਸ਼ੇਵਰ ਰੁਖ਼’ ਅਤੇ ‘ਦੂਰਅੰਦੇਸ਼ੀ ਸਮਰੱਥਾਵਾਂ’ ਦਾ ਮੁਜ਼ਾਹਰਾ ਕੀਤਾ ਹੈ ਤੇ ‘ਗਿਣਤੀ ਪੱਖੋਂ ਬਿਹਤਰ ਵਿਰੋਧੀ’ ਖ਼ਿਲਾਫ਼ ‘ਜੇਤੂ’ ਬਣ ਕੇ ਉੱਭਰੀਆਂ ਹਨ। ਦੱਸਣਯੋਗ ਹੈ ਕਿ ਭਾਰਤ ਨੇ ਪਹਿਲਗਾਮ ’ਚ ਦਹਿਸ਼ਤੀ ਹਮਲੇ ’ਚ 26 ਸੈਲਾਨੀਆਂ ਦੇ ਮੌਤ ਮਗਰੋਂ ਅਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਭਾਰਤ ’ਤੇ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਅਤਿਵਾਦ ਨੂੰ ਹਥਿਆਰ ਵਜੋਂ ਵਰਤਣ ਦਾ ਦੋਸ਼ ਲਾਇਆ ਤੇ ਕਿਹਾ ਕਿ ਥੋੜ੍ਹੇ ਜਿਹੇ ਅਤਿਵਾਦੀ ਪਾਕਿਸਤਾਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਵਰਤੋਂ ਕਰਨ ਵਾਲੇ ਸਾਰੇ ‘ਸਾਜ਼ਿਸ਼ਘਾੜਿਆਂ’ ਨੂੰ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ। -ਪੀਟੀਆਈ
ਭਾਰਤ ਨੂੰ ਕੌਮਾਂਤਰੀ ਪੈਮਾਨਿਆਂ ਮੁਤਾਬਿਕ ਮੁੱਦੇ ਸੁਲਝਾਉਣ ਦੀ ਅਪੀਲ
ਪਾਕਿਸਤਾਨ ਦੇ ਫੌਜ ਮੁਖੀ ਸਈਦ ਆਸਿਮ ਮੁਨੀਰ ਨੇ ਭਾਰਤ ਨੂੰ ਕੌਮਾਂਤਰੀ ਪੈਮਾਨਿਆਂ ਮੁਤਾਬਕ ‘ਮੁੱਖ ਮੁੱਦੇ’ ਸੁਲਝਾਉਣ ਦੀ ਅਪੀਲ ਕੀਤੀ, ਜੋ ਸਿੱਧੇ ਤੌਰ ’ਤੇ ਕਸ਼ਮੀਰ ਵਿਵਾਦ ਦੇ ਸਬੰਧ ਸੀ। ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ‘ਨੈਤਿਕ ਤੇ ਕੂਟਨੀਤਕ’ ਮਦਦ ਪ੍ਰਦਾਨ ਕਰਨ ਦੀ ਪਾਕਿਸਤਾਨ ਦੀ ਵਚਨਬੱਧਤਾ ਵੀ ਦੁਹਰਾਈ। ਪਾਕਿਸਤਾਨ ਨੂੰ ਸ਼ਾਂਤੀਪਸੰਦ ਮੁਲਕ ਦੱਸਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਤੇ ਚੀਨ ਸਣੇ ਮੁੱਖ ਸ਼ਕਤੀਆਂ ਨਾਲ ਇਸ ਦੇ ਮਜ਼ਬੂਤ ਸਬੰਧ ਹਨ।