ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ), 1 ਦਸੰਬਰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ ਦੇ ਵਾਧੇ ਵਿੱਚ ਆਏ ਨਿਘਾਰ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਅੱਜ ਕਿਹਾ ਕਿ ਭਾਰਤ ਦੀ ਕੁੱਲ ਜਣਨ ਦਰ (ਟੀਐੱਫਆਰ) ਮੌਜੂਦਾ 2.1 ਦੇ ਬਜਾਏ ਘੱਟੋ-ਘੱਟ...
ਨਾਗਪੁਰ (ਮਹਾਰਾਸ਼ਟਰ), 1 ਦਸੰਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ ਦੇ ਵਾਧੇ ਵਿੱਚ ਆਏ ਨਿਘਾਰ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਅੱਜ ਕਿਹਾ ਕਿ ਭਾਰਤ ਦੀ ਕੁੱਲ ਜਣਨ ਦਰ (ਟੀਐੱਫਆਰ) ਮੌਜੂਦਾ 2.1 ਦੇ ਬਜਾਏ ਘੱਟੋ-ਘੱਟ 3 ਹੋਣੀ ਚਾਹੀਦੀ ਹੈ। ਟੀਐੱਫਆਰ ਦਾ ਮਤਲਬ ਇਕ ਮਹਿਲਾ ਵੱਲੋਂ ਜੰਮੇ ਜਾਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਤੋਂ ਹੈ।
ਇੱਥੇ ‘ਕਠਾਲੇ ਕੁਲ ਸੰਮੇਲਨ’ ਵਿੱਚ ਸੰਬੋਧਨ ਕਰਦਿਆਂ ਭਾਗਵਤ ਨੇ ਪਰਿਵਾਰਾਂ ਦੀ ਅਹਿਮ ਭੂਮਿਕਾ ’ਤੇ ਵੀ ਚਾਨਣਾ ਪਾਇਆ ਅਤੇ ਅਪੀਲ ਕੀਤੀ ਕਿ ਆਬਾਦੀ ਵਿਗਿਆਨ ਮੁਤਾਬਕ, ਜੇ ਕਿਸੇ ਸਮਾਜ ਦੀ ਕੁੱਲ ਜਣਨ ਦਰ 2.1 ਤੋਂ ਹੇਠਾਂ ਜਾਂਦੀ ਹੈ ਤਾਂ ਉਹ ਲੋਪ ਹੋਣ ਕੰਢੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ, ‘‘ਆਬਾਦੀ ਵਿੱਚ ਨਿਘਾਰ ਚਿੰਤਾ ਦਾ ਵਿਸ਼ਾ ਹੈ। ਜਨਸੰਖਿਆ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਸਮਾਜ ਦੀ ਕੁੱਲ ਜਣਨ ਦਰ 2.1 ਤੋਂ ਹੇਠਾਂ ਜਾਂਦੀ ਹੈ ਤਾਂ ਉਸ ਦੇ ਲੋਪ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਨਿਘਾਰ ਲਈ ਜ਼ਰੂਰੀ ਨਹੀਂ ਕਿ ਬਾਹਰੀ ਖਤਰੇ ਹੋਣ, ਕੋਈ ਸਮਾਜ ਹੌਲੇ-ਹੌਲੇ ਆਪਣੇ ਆਪ ਹੀ ਲੋਪ ਹੋ ਸਕਦਾ ਹੈ।’’ ਭਾਗਵਤ ਨੇ ਕਿਹਾ, ‘‘ਇਸ ਮੁੱਦੇ ਕਾਰਨ ਕਈ ਭਾਸ਼ਾਵਾਂ ਤੇ ਸਭਿਆਚਾਰ ਪਹਿਲਾਂ ਹੀ ਲੋਪ ਹੋ ਚੁੱਕੇ ਹਨ। ਇਸ ਵਾਸਤੇ, ਜਣਨ ਦਰ ਨੂੰ 2.1 ਤੋਂ ਉੱਪਰ ਬਣਾ ਕੇ ਰੱਖਣਾ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਕੁਟੁੰਬ (ਪਰਿਵਾਰ) ਸਮਾਜ ਦਾ ਅਨਿੱਖੜਵਾਂ ਅੰਗ ਹੈ ਅਤੇ ਹਰੇਕ ਪਰਿਵਾਰ ਦੀ ਸਮਾਜ ਦੇ ਗਠਨ ਵਿੱਚ ਅਹਿਮੀਅਤ ਹੈ।
ਆਰਐੱਸਐੱਸ ਮੁਖੀ ਨੇ ਕਿਹਾ, ‘‘ਸਾਡੇ ਦੇਸ਼ ਦੀ ਆਬਾਦੀ ਨੀਤੀ ਜੋ 1998 ਜਾਂ 2002 ਦੇ ਆਸਪਾਸ ਤਿਆਰ ਕੀਤੀ ਗਈ ਸੀ, ਕਹਿੰਦੀ ਹੈ ਕਿ ਆਬਾਦੀ ਵਾਧਾ ਦਰ 2.1 ਤੋਂ ਹੇਠਾਂ ਨਹੀਂ ਹੋਣੀ ਚਾਹੀਦੀ। ਇਹ ਘੱਟੋ-ਘੱਟ ਤਿੰਨ ਹੋਣੀ ਚਾਹੀਦੀ ਹੈ। ਜਨਸੰਖਿਆ ਵਿਗਿਆਨ ਅਜਿਹਾ ਕਹਿੰਦਾ ਹੈ।’’ ਪੀਟੀਆਈ
ਹੁਣ ਆਰਐੱਸਐੱਸ ਵਾਲਿਆਂ ਨੂੰ ਵਿਆਹ ਕਰ ਲੈਣੇ ਚਾਹੀਦੇ ਨੇ: ਓਵਾਇਸੀ
ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਟਿੱਪਣੀ ’ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਦੇ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੇ ਕਿਹਾ, ‘‘ਭਾਗਵਤ ਕਹਿੰਦੇ ਹਨ ਕਿ ਜ਼ਿਆਦਾ ਬੱਚੇ ਪੈਦਾ ਕਰੋ। ਹੁਣ ਆਰਐੱਸਐੱਸ ਵਾਲਿਆਂ ਨੂੰ ਵਿਆਹ ਕਰ ਲੈਣੇ ਚਾਹੀਦੇ ਹਨ।’’ ਓਵਾਇਸੀ ਨੇ ਕਿਹਾ, ‘‘ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੁਸਲਮਾਨ ਔਰਤਾਂ ਜ਼ਿਆਦਾ ਬੱਚੇ ਪੈਦਾ ਕਰਦੀਆਂ ਹਨ।’’

