ਜੰਮੂ-ਕਸ਼ਮੀਰ ’ਚੋਂ ਅਤਿਵਾਦ ਦਾ ਖਾਤਮਾ ਪ੍ਰਮੁੱਖ ਤਰਜੀਹ: ਸਿਨਹਾ
ਜੰਮੂ, 16 ਜੂਨ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਅਤਿਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਉਨ੍ਹਾਂ ਦੇ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਹੋਈ ਹੈ। ਉਪ ਰਾਜਪਾਲ ਨੇ ਊਧਮਪੁਰ ਦੀ ਸ਼ੇਰ-ਏ-ਕਸ਼ਮੀਰ ਪੁਲੀਸ ਅਕੈਡਮੀ ਵਿੱਚ ਡਿਪਟੀ ਸੁਪਰਡੈਂਟਸ ਆਫ ਪੁਲੀਸ ਪ੍ਰੋਬੇਸ਼ਨਰਜ਼ (ਡੀਵਾਈਐੱਸਪੀਜ਼) ਦੇ 17ਵੇਂ ਬੈਚ ਅਤੇ ਪ੍ਰੋਬੇਸ਼ਨਰਜ਼ ਸਬ-ਇੰਸਪੈਕਟਰਜ਼ (ਪੀਐੱਸਆਈਜ਼) ਦੇ 26ਵੇਂ ਬੈਚ ਦੀ ਪਾਸਿੰਗ-ਆਊਟ ਪਰੇਡ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਪੁਲੀਸ ਅਕੈਡਮੀ ਦੇ ਸਾਰੇ ਟ੍ਰੇਨਰਾਂ, ਅਧਿਕਾਰੀਆਂ ਅਤੇ ਪਾਸਿੰਗ-ਆਊਟ ਡੀਵਾਈਐੱਸਪੀਜ਼ ਅਤੇ ਪੀਐੱਸਆਈਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਖੁਫੀਆ ਜਾਣਕਾਰੀ ਆਧਾਰਿਤ ਅਤਿਵਾਦ ਵਿਰੋਧੀ ਕਾਰਵਾਈਆਂ ਅਤੇ ਓਵਰ-ਗਰਾਊਂਡ ਵਰਕਰਾਂ (ਓਜੀਡਬਲਿਊਜ਼) ਦੇ ਨੈੱਟਵਰਕ ’ਤੇ ਨਿਸ਼ਾਨਾਬੱਧ ਹਮਲੇ ਤੇਜ਼ ਕਰਨ ਦਾ ਸੱਦਾ ਦਿੱਤਾ। ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਕਰਮਚਾਰੀਆਂ ਨੂੰ ਸ਼ਾਂਤੀ, ਵਿਕਾਸ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਹਰ ਸੰਭਵ ਤਰੀਕੇ ਨਾਲ ਸਮਾਜ ਦੀ ਰਾਖੀ ਕਰਨੀ ਚਾਹੀਦੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਜੰਮੂ-ਕਸ਼ਮੀਰ ਦੀ ਧਰਤੀ ਤੋਂ ਅਤਿਵਾਦ ਦਾ ਪੂਰੀ ਤਰ੍ਹਾਂ ਖਾਤਮਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਜੰਮੂ-ਕਸ਼ਮੀਰ ਪੁਲੀਸ ਦੇ ਜਵਾਨਾਂ ਨੂੰ ਬਹੁ-ਪੱਖੀ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਖੁਫੀਆ ਜਾਣਕਾਰੀ, ਭਾਈਚਾਰਕ ਸ਼ਮੂਲੀਅਤ, ਟੈਕਨਾਲੋਜੀ ਅਤੇ ਅੰਤਰ-ਏਜੰਸੀ ਸਹਿਯੋਗ ਦੀ ਵਰਤੋਂ ਕਰਨੀ ਚਾਹੀਦੀ ਹੈ।’ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਪੁਲੀਸ ਦੇ ਬਹਾਦਰ ਜਵਾਨਾਂ ਅਤੇ ਅਧਿਕਾਰੀਆਂ ’ਤੇ ਮਾਣ ਹੈ। ਉਨ੍ਹਾਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। -ਪੀਟੀਆਈ
ਅਮਰਨਾਥ ਯਾਤਰਾ: ਡੀਆਈਜੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਸ੍ਰੀਨਗਰ: ਉੱਤਰੀ ਕਸ਼ਮੀਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ (ਡੀਆਈਜੀ) ਮਕਸੂਦ-ਉਲ-ਜ਼ਮਾਨ ਵੱਲੋਂ ਅੱਜ ਸ਼ਾਦੀਪੋਰਾ ਟ੍ਰਾਂਜ਼ਿਟ ਕੈਂਪ ਵਿੱਚ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇੱਥੇ ਹਜ਼ਾਰਾਂ ਸ਼ਰਧਾਲੂ ਬਾਲਟਾਲ ਰੂਟ ’ਤੇ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਜਾਂਦਿਆਂ ਠਹਿਰਦੇ ਹਨ। ਅਧਿਕਾਰੀ ਨੇ ਕਿਹਾ, ‘ਅਮਰਨਾਥ ਯਾਤਰਾ 2025 ਦੀ ਤਿਆਰੀ ਲਈ ਉੱਤਰੀ ਕਸ਼ਮੀਰ ਰੇਂਜ ਦੇ ਡੀਆਈਜੀ ਮਕਸੂਦ-ਉਲ-ਜ਼ਮਾਨ (ਆਈਪੀਐੱਸ) ਨੇ ਸ਼ਾਦੀਪੋਰਾ ਟ੍ਰਾਂਜ਼ਿਟ ਕੈਂਪ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।’ ਇਸ ਦੌਰਾਨ ਬਾਂਦੀਪੋਰਾ ਦੇ ਐੱਸਐੱਸਪੀ ਹਰਮੀਤ ਸਿੰਘ ਅਤੇ ਸੀਨੀਅਰ ਸੀਆਰਪੀਐੱਫ ਅਧਿਕਾਰੀ ਵੀ ਡੀਆਈਜੀ ਦੇ ਨਾਲ ਸਨ। ਅਧਿਕਾਰੀਆਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਅਧਿਕਾਰੀਆਂ ਅਨੁਸਾਰ ਟੀਮ ਨੇ ਉੱਤਰੀ ਕਸ਼ਮੀਰ ਵਿੱਚ ਇਸ ਅਹਿਮ ਟ੍ਰਾਂਜ਼ਿਟ ਪੁਆਇੰਟ ਤੋਂ ਲੰਘਣ ਵਾਲੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਯਕੀਨੀ ਬਣਾਉਣ ਲਈ ਨਿਗਰਾਨੀ ਪ੍ਰਣਾਲੀਆਂ, ਐਮਰਜੈਂਸੀ ਤਿਆਰੀ ਤੇ ਲੌਜਿਸਟਿਕਲ ਪ੍ਰਬੰਧਾਂ ਦਾ ਮੁਲਾਂਕਣ ਕੀਤਾ। -ਪੀਟੀਆਈ