EPFO ਆਟੋ ਕਲੇਮ ਰਾਹੀਂ ਪੀਐੱਫ ਖਾਤੇ ਚੋਂ ਰਾਸ਼ੀ ਕਢਵਾਉਣ ਦੀ ਸੀਮਾ 5 ਲੱਖ ਰੁਪਏ ਤੱਕ ਵਧਾਈ
ਨਵੀਂ ਦਿੱਲੀ, 24 ਜੂਨ
ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਰਮਚਾਰੀ ਪ੍ਰਾਵੀਡੈਂਟ ਫੰਡ (ਪੀਐਫ) ਖਾਤਿਆਂ ਵਿੱਚੋਂ ਆਟੋ-ਸੈਟਲਮੈਂਟ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਰਿਟਾਇਰਮੈਂਟ ਫੰਡ ਸੰਸਥਾ EPFO ਦੇ ਮੈਂਬਰ ਆਪਣੇ 5 ਲੱਖ ਰੁਪਏ ਤੱਕ ਦੀ ਪੇਸ਼ਗੀ ਕਢਵਾਉਣ ਦੇ ਕਲੇਮ ਦਾ ਨਿਬੇੜਾ ਤਿੰਨ ਦਿਨਾਂ ਦੇ ਅੰਦਰ ਕਰਵਾ ਸਕਣਗੇ।
ਇਸ ਵੇਲੇ ਤਿੰਨ ਦਿਨਾਂ ਦੀ ਅੰਤਿਮ ਸੀਮਾ ਵਾਲੇ ਆਟੋ-ਸੈਟਲਮੈਂਟ ਮੋਡ ਰਾਹੀਂ ਰਾਸ਼ੀ ਕਢਵਾਉਣ ਦੀ ਸੀਮਾ 1 ਲੱਖ ਰੁਪਏ ਹੈ। ਮਾਂਡਵੀਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘EPFO ਨੇ ਆਪਣੇ ਮੈਂਬਰਾਂ ਲਈ ਤੇਜ਼ੀ ਨਾਲ ਫੰਡ ਤੱਕ ਪਹੁੰਚ ਦੀ ਸਹੂਲਤ ਲਈ, ਖਾਸ ਤੌਰ ’ਤੇ ਜ਼ਰੂਰੀ ਲੋੜਾਂ ਦੇ ਸਮੇਂ, ਪੇਸ਼ਗੀ ਦਾਅਵਿਆਂ ਲਈ ਆਟੋ-ਸੈਟਲਮੈਂਟ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਸ ਵੱਡੇ ਸੇਵਾ ਸੁਧਾਰ ਨਾਲ ਲੱਖਾਂ ਮੈਂਬਰਾਂ ਨੂੰ ਲਾਭ ਹੋਣ ਦੀ ਆਸ ਹੈ।
ਆਟੋ-ਸੈਟਲਮੈਂਟ ਦੀ ਸ਼ੁਰੂਆਤ ਅਤੇ ਵਿਸਤਾਰ
ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (EPFO) ਜਿਸਦੇ 7 ਕਰੋੜ ਤੋਂ ਵੱਧ ਮੈਂਬਰ ਹਨ, ਨੇ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਪੇਸ਼ਗੀ ਦਾਅਵਿਆਂ ਦੀ ਆਨਲਾਈਨ ਆਟੋ-ਸੈਟਲਮੈਂਟ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਇਸ ਸਹੂਲਤ ਨੂੰ ਬਿਮਾਰੀ, ਸਿੱਖਿਆ, ਵਿਆਹ ਅਤੇ ਮਕਾਨ ਬਣਾਉਣ ਦੀਆਂ ਲੋੜਾਂ ਨੂੰ ਕਵਰ ਕਰਨ ਲਈ ਵਧਾਇਆ ਗਿਆ ਹੈ। ਇਸ ਸਿਸਟਮ ਰਾਹੀਂ ਬਿਨਾਂ ਕਿਸੇ ਮਨੁੱਖੀ ਦਖਲਅੰਦਾਜ਼ੀ ਦੇ ਆਪਣੇ ਆਪ ਪ੍ਰਕਿਰਿਆ ਕਰ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਨਾਲ ਤੇਜ਼ੀ ਨਾਲ ਨਿਪਟਾਰਾ ਅਤੇ ਪਾਰਦਰਸ਼ਤਾ ਯਕੀਨੀ ਬਣਦੀ ਹੈ।
ਆਟੋ ਸੈਟਲਮੈਂਟ ਰਾਹੀਂ ਹੋ ਰਿਹਾ ਜ਼ਿਆਦਾਤਰ ਕੇਸਾਂ ਦਾ ਨਿਪਟਾਰਾ
ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2025 ਵਿੱਚ EPFO ਨੇ ਆਟੋ-ਸੈਟਲਮੈਂਟ ਰਾਹੀਂ ਰਿਕਾਰਡ 2.34 ਕਰੋੜ ਪੇਸ਼ਗੀ ਕਲੇਮਾਂ ਤੇ ਕਾਰਵਾਈ ਕੀਤੀ, ਜੋ ਕਿ ਵਿੱਤੀ ਸਾਲ 2024 ਵਿੱਚ ਨਿਪਟਾਏ ਗਏ 89.52 ਲੱਖ ਦਾਅਵਿਆਂ ਦੇ ਮੁਕਾਬਲੇ 161 ਫੀਸਦੀ ਵੱਧ ਹੈ। ਉਨ੍ਹਾਂ ਦੱਸਿਆ ਕਿ 2024-25 ਵਿੱਚ ਸਾਰੇ ਕਲੇਮਾਂ ਦਾ 59 ਪ੍ਰਤੀਸ਼ਤ ਆਟੋ ਮੋਡ ਰਾਹੀਂ ਨਿਪਟਾਇਆ ਗਿਆ, ਜਦੋਂ ਕਿ 2023-24 ਵਿੱਚ ਇਹ 31 ਫੀਸਦੀ ਸੀ।
ਉਨ੍ਹਾਂ ਕਿਹਾ ਕਿ ਵਿੱਤੀ ਸਾਲ 2026 ਦੇ ਪਹਿਲੇ 2.5 ਮਹੀਨਿਆਂ ਵਿੱਚ ਹੀ EPFO ਨੇ ਪਹਿਲਾਂ ਹੀ 76.52 ਲੱਖ ਕਲੇਮ ਆਟੋ-ਸੈਟਲ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਵਾਧਾ ਆਟੋਮੇਸ਼ਨ ਅਤੇ ਆਪਣੇ ਮੈਂਬਰਾਂ ਨੂੰ ਤੇਜ਼ੀ ਨਾਲ ਵਧੇਰੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ 'ਤੇ EPFO ਦੇ ਮਜ਼ਬੂਤ ਫੋਕਸ ਨੂੰ ਦਰਸਾਉਂਦਾ ਹੈ। -ਪੀਟੀਆਈ