ਗਾਜ਼ਾ ’ਚ ਜੰਗ ਖ਼ਤਮ ਹੋਣ ਨਾਲ ਸ਼ਾਂਤੀ ਦਾ ਰਾਹ ਪੱਧਰਾ ਹੋਵੇਗਾ: ਮੋਦੀ
ਟਰੰਪ ਦੀ ਯੋਜਨਾ ਦਾ ਪ੍ਰਧਾਨ ਮੰਤਰੀ ਨੇ ਕੀਤਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਜੰਗ ਖ਼ਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਫਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਦੇ ਨਾਲ-ਨਾਲ ਪੱਛਮੀ ਏਸ਼ੀਆ ਖ਼ਿੱਤੇ ਲਈ ਲੰਬੇ ਸਮੇਂ ਦੀ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦਾ ਵਿਵਹਾਰਕ ਰਾਹ ਦਰਸਾਉਂਦੀ ਹੈ। ਮੋਦੀ ਨੇ ‘ਐਕਸ’ ’ਤੇ ਉਮੀਦ ਜ਼ਾਹਿਰ ਕੀਤੀ ਕਿ ਸਾਰੀਆਂ ਸਬੰਧਤ ਧਿਰਾਂ ਰਾਸ਼ਟਰਪਤੀ ਟਰੰਪ ਦੀ ਪਹਿਲਕਦਮੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਜੰਗ ਖ਼ਤਮ ਕਰਨ ਅਤੇ ਸ਼ਾਂਤੀ ਯਕੀਨੀ ਬਣਾਉਣ ਲਈ ਇਸ ਯਤਨ ਦਾ ਸਮਰਥਨ ਕਰਨਗੀਆਂ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਚ ਜੰਗ ਖ਼ਤਮ ਕਰਨ ਦੀ ਯੋਜਨਾ ’ਤੇ ਸਹਿਮਤੀ ਜਤਾਈ ਸੀ। ਉਧਰ ਹਮਾਸ ਨੇ ਕਿਹਾ ਕਿ ਉਹ ਧੜੇ ਦੇ ਮੈਂਬਰਾਂ ਅਤੇ ਹੋਰ ਫਲਸਤੀਨੀ ਗੁੱਟਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਸ਼ਾਂਤੀ ਯੋਜਨਾ ਬਾਰੇ ਕੋਈ ਫੈਸਲਾ ਲੈਣਗੇ। ਟਰੰਪ ਨੇ ਕਿਹਾ ਕਿ ਹਮਾਸ ਕੋਲ ਸਿਰਫ਼ ਦੋ ਜਾਂ ਤਿੰਨ ਦਿਨ ਦਾ ਸਮਾਂ ਹੈ। ਟਰੰਪ ਨੇ ਸੋਮਵਾਰ ਨੂੰ ਇਜ਼ਰਾਈਲ-ਹਮਾਸ ਜੰਗ ਖ਼ਤਮ ਕਰਨ ਅਤੇ ਫਲਸਤੀਨੀ ਖ਼ਿੱਤੇ ’ਚ ਆਰਜ਼ੀ ਗਵਰਨਿੰਗ ਬੋਰਡ ਬਣਾਉਣ ਲਈ 20 ਨੁਕਾਤੀ ਯੋਜਨਾ ਪੇਸ਼ ਕੀਤੀ। ਆਰਜ਼ੀ ਬੋਰਡ ਦੀ ਅਗਵਾਈ ਟਰੰਪ ਕਰਨਗੇ ਅਤੇ ਉਸ ’ਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਸ਼ਾਮਲ ਹੋਣਗੇ। ਜੇ ਦੋਵੇਂ ਧਿਰਾਂ ਯੋਜਨਾ ਨੂੰ ਮੰਨਦੀਆਂ ਹਨ ਤਾਂ ਜੰਗ ਫੌਰੀ ਖ਼ਤਮ ਹੋਵੇਗੀ ਅਤੇ ਲੋਕਾਂ ਨੂੰ ਗਾਜ਼ਾ ਛੱਡ ਕੇ ਨਹੀਂ ਜਾਣਾ ਪਵੇਗਾ। ਇਜ਼ਰਾਈਲ ਵੱਲੋਂ ਯੋਜਨਾ ਸਵੀਕਾਰ ਕੀਤੇ ਜਾਣ ਦੇ 72 ਘੰਟਿਆਂ ਦੇ ਅੰਦਰ ਹਮਾਸ ਵੱਲੋਂ ਸਾਰੇ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਟਰੰਪ ਨੇ ਕਿਹਾ ਕਿ ਜੇ ਹਮਾਸ ਤਜਵੀਜ਼ਤ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਸ ਨੂੰ ਹਰਾਉਣ ਲਈ ਇਜ਼ਰਾਈਲ ਨੂੰ ਅਮਰੀਕਾ ਆਪਣੀ ਪੂਰੀ ਹਮਾਇਤ ਦੇਵੇਗਾ। ਇਸ ਦੌਰਾਨ ਨੇਤਨਯਾਹੂ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੂੰ ਫੋਨ ਕਰਕੇ ਉਨ੍ਹਾਂ ਦੇ ਮੁਲਕ ’ਚ ਇਜ਼ਰਾਇਲੀ ਫ਼ੌਜ ਵੱਲੋਂ ਹਮਾਸ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਲਈ ਰਸਮੀ ਤੌਰ ’ਤੇ ਮੁਆਫ਼ੀ ਮੰਗੀ। -ਏਪੀ
ਗਾਜ਼ਾ ’ਚ ਸ਼ਾਂਤੀ ਦਾ ਲਾਹਾ ਭਾਰਤ ਨੂੰ ਵੀ ਮਿਲੇਗਾ: ਇਜ਼ਰਾਇਲੀ ਸਫ਼ੀਰ
ਨਵੀਂ ਦਿੱਲੀ: ਭਾਰਤ ’ਚ ਇਜ਼ਰਾਇਲੀ ਸਫ਼ੀਰ ਰਿਊਵੇਨ ਅਜ਼ਾਰ ਨੇ ਕਿਹਾ ਕਿ ਟਰੰਪ ਦੀ ਸ਼ਾਂਤੀ ਯੋਜਨਾ ਭਾਰਤ ਵਰਗੇ ਮੁਲਕਾਂ ਨੂੰ ਖ਼ਿੱਤੇ ਦੇ ਮੁੜ ਵਸੇਬੇ ਅਤੇ ਉਸਾਰੀ ਦਾ ਮੌਕਾ ਦੇਵੇਗੀ ਕਿਉਂਕਿ ਭਾਰਤ ਮੱਧ-ਪੂਰਬ ’ਚ ਸ਼ਾਂਤੀ ਲਈ ਹਾਂ-ਪੱਖੀ ਭੂਮਿਕਾ ਨਿਭਾਉਂਦਾ ਆਇਆ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਜ਼ਰਾਇਲੀ ਸਫ਼ੀਰ ਨੇ ਮੋਦੀ ਵੱਲੋਂ ਸ਼ਾਂਤੀ ਯੋਜਨਾ ਸਬੰਧੀ ਦਿੱਤੇ ਪ੍ਰਤੀਕਰਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਗਾਜ਼ਾ ਅਤੇ ਇਜ਼ਰਾਈਲ ’ਚ ਆਰਥਿਕ ਪ੍ਰਾਜੈਕਟਾਂ ’ਚ ਯੋਗਦਾਨ ਪਾ ਸਕਦਾ ਹੈ। ਸ਼ਾਂਤੀ ਯੋਜਨਾ ਬਾਰੇ ਭਾਰਤ ਨੂੰ ਜਾਣਕਾਰੀ ਦਿੱਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਅਜ਼ਾਰ ਨੇ ਕਿਹਾ ਕਿ ਉਹ ਇਸ ਤੋਂ ਜਾਣੂ ਨਹੀਂ ਹਨ ਪਰ ਸੰਕੇਤ ਦਿੱਤਾ ਕਿ ਕਈ ਮੁਲਕਾਂ ਨੂੰ ਅਣਅਧਿਕਾਰਤ ਤੌਰ ’ਤੇ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। -ਪੀਟੀਆਈ
ਅੱਠ ਅਰਬ ਅਤੇ ਮੁਸਲਿਮ ਮੁਲਕਾਂ ਵੱਲੋਂ ਸ਼ਾਂਤੀ ਯੋਜਨਾ ਦਾ ਸਵਾਗਤ
ਦੁਬਈ: ਗਾਜ਼ਾ ’ਚ ਜੰਗ ਖ਼ਤਮ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 20 ਨੁਕਾਤੀ ਯੋਜਨਾ ਦਾ ਅੱਠ ਅਰਬ ਅਤੇ ਮੁਸਲਿਮ ਮੁਲਕਾਂ ਨੇ ਸਵਾਗਤ ਕੀਤਾ ਹੈ। ਜਾਰਡਨ, ਕਤਰ, ਯੂਏਈ, ਇੰਡੋਨੇਸ਼ੀਆ, ਪਾਕਿਸਤਾਨ, ਤੁਰਕੀ, ਸਾਊਦੀ ਅਰਬ ਅਤੇ ਮਿਸਰ ਦੇ ਵਿਦੇਸ਼ ਮੰਤਰੀਆਂ ਨੇ ਸ਼ਾਂਤੀ ਯੋਜਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਅਮਰੀਕਾ ਨਾਲ ਰਲ ਕੇ ਗਾਜ਼ਾ ’ਚ ਜੰਗ ਖ਼ਤਮ ਕਰਨ ਪ੍ਰਤੀ ਆਪਣੀ ਵਚਨਬੱਧਤਾ ਵੀ ਦੁਹਰਾਈ ਹੈ। -ਪੀਟੀਆਈ