ਗੋਆ-ਇੰਦੌਰ ਇੰਡੀਗੋ ਉਡਾਣ ਦੀ 'ਐਮਰਜੈਂਸੀ ਲੈਂਡਿੰਗ'
ਗੋਆ ਤੋਂ ਆ ਰਹੀ ਇੰਡੀਗੋ ਦੀ ਉਡਾਣ ਨੂੰ ਲੈਂਡਿੰਗ ਗੇਅਰ ਵਿੱਚ ਤਕਨੀਕੀ ਨੁਕਸ ਕਰਕੇ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਵਾਈ ਅੱਡੇ ਦੇ ਡਾਇਰੈਕਟਰ ਵਿਪਿਨਕਾਂਤ ਸੇਠ ਨੇ ਦੱਸਿਆ ਕਿ ਗੋਆ ਤੋਂ ਇੰਡੀਗੋ ਏਅਰਲਾਈਨਜ਼ ਦੀ ਉਡਾਣ 6E 813 ਦੇ ਲੈਂਡਿੰਗ ਗੇਅਰ ਵਿੱਚ ਨੁਕਸ ਦੇ ਖ਼ਦਸ਼ੇ ਦੇ ਚਲਦਿਆਂ ਅੰਡਰਕੈਰੇਜ ਚਿਤਾਵਨੀ ਮਿਲੀ, ਜਿਸ ਕਾਰਨ ਜਹਾਜ਼ ਨੂੰ ਇੰਦੌਰ ਹਵਾਈ ਅੱਡੇ ’ਤੇ ਹੰਗਾਮੀ ਹਾਲਾਤ ਵਿਚ ਉਤਾਰਿਆ ਗਿਆ। ਯਾਤਰੀ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ।
ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਚਿਤਾਵਨੀ ਮਿਲਣ ਤੋਂ ਬਾਅਦ ਹਵਾਈ ਅੱਡੇ ’ਤੇ ‘ਮੁਕੰਮਲ ਐਮਰਜੈਂਸੀ’ ਐਲਾਨ ਦਿੱਤੀ ਗਈ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਅਨੁਸਾਰ ਫਾਇਰ ਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਡਾਣ ਨੇ ਪਹਿਲਾਂ ਮਿੱਥੇ ਮੁਤਾਬਕ ਸ਼ਾਮ 4.50 ਵਜੇ ਪਹੁੰਚਣਾ ਸੀ, ਪਰ ਇਹ ਸ਼ਾਮੀਂ 5.15 ਵਜੇ ਸੁਰੱਖਿਅਤ ਉਤਰ ਗਈ।
ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਗੋਆ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ 6E 813 ਵਿੱਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਨੁਕਸ ਦੀ ਚਿਤਾਵਨੀ ਮਿਲੀ, ਜਿਸ ਤੋਂ ਬਾਅਦ ਇਸ ਨੁੂੰ ਇੰਦੌਰ ’ਚ ਸੁਰੱਖਿਅਤ ਲੈਂਡ ਕਰਵਾਇਆ ਗਿਆ। ਉਨ੍ਹਾਂ ਯਾਤਰੀਆਂ ਨੁੂੰ ਹੋਈ ਬੇਲੋੜੀ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ ਤੇ ਕਿਹਾ ਕਿ ਉਹ ਯਾਤਰੀਆਂ ਤੇ ਅਮਲੇ ਲਈ ਉੱਚ ਪੱਧਰੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹਨ।