ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਹਾਥੀ ਨੇ ਖੌਰੂ ਪਾਇਆ
ਅਹਿਮਦਾਬਾਦ, 26 ਜੂਨ
ਹੈਦਰਾਬਾਦ, ਅਹਿਮਦਾਬਾਦ, ਪੁਰੀ ਅਤੇ ਹੋਰ ਥਾਈਂ ਅੱਜ ਭਗਵਾਨ ਜਗਨਨਾਥ ਦੀ 148ਵੀਂ ਰੱਥ ਯਾਤਰਾ ਕੱਢੀ ਗਈ। ਅਹਿਮਦਾਬਾਦ ਵਿੱਚ ਰੱਥ ਯਾਤਰਾ ਦੌਰਾਨ ਬਹੁਤ ਜ਼ਿਆਦਾ ਆਵਾਜ਼ ਤੋਂ ਪਰੇਸ਼ਾਨ ਹੋ ਕੇ ਹਾਥੀ ਬੈਰੀਕੇਡ ਤੋੜ ਕੇ ਤੰਗ ਗਲੀ ਵਿੱਚ ਦਾਖਲ ਹੋ ਗਿਆ ਅਤੇ ਇਸ ਹਫੜਾ-ਦਫੜੀ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸ਼ਹਿਰ ਦੇ ਕਾਂਕਰੀਆ ਚਿੜੀਆਘਰ ਦੇ ਸੁਪਰਡੈਂਟ ਆਰਕੇ ਸਾਹੂ ਨੇ ਕਿਹਾ ਕਿ ਦੋ ਹੋਰ ਹਾਥਨੀਆਂ ’ਤੇ ਸਵਾਰ ਮਹਾਵਤਾਂ ਨੇ ਹਾਥੀ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਵਿੱਚ ਕਰ ਲਿਆ। ਇਸ ਦੌਰਾਨ ਸਦੀਆਂ ਪੁਰਾਣੀ ਪਰੰਪਰਾ ਅਨੁਸਾਰ ਖਲਾਸੀ ਭਾਈਚਾਰੇ ਨੇ ਅਹਿਮਦਾਬਾਦ ਦੇ ਜਮਾਲਪੁਰ ਇਲਾਕੇ ’ਚ ਸਥਿਤ ਜਗਨਨਾਥ ਮੰਦਰ ਤੋਂ ਭਗਵਾਨ ਜਗਨਨਾਥ, ਉਨ੍ਹਾਂ ਦੇ ਵੱਡੇ ਭਰਾ ਬਲਭੱਦਰ ਅਤੇ ਭੈਣ ਸੁਭੱਦਰਾ ਦੇ ਰੱਥ ਬਾਹਰ ਕੱਢੇ। ਤਿੰਨ ਰੱਥਾਂ ਦੀ ਸ਼ੋਭਾਯਾਤਰਾ 400 ਸਾਲ ਪੁਰਾਣੇ ਮੰਦਰ ਤੋਂ ਸ਼ੁਰੂ ਹੋਈ ਅਤੇ ਪੁਰਾਣੇ ਸ਼ਹਿਰ ’ਚੋਂ ਹੁੰਦੀ ਹੋਈ ਮੁੜ ਮੰਦਰ ’ਚ ਪਰਤ ਆਈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਗਨਨਾਥ ਮੰਦਿਰ ਵਿੱਚ ਸਵੇਰ ਦੀ ਪੂਜਾ ’ਚ ਹਿੱਸਾ ਲਿਆ, ਜਦਕਿ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ‘ਪਹਿੰਦ ਵਿਧੀ’ ਕੀਤੀ, ਜੋ ਸੋਨੇ ਦੇ ਝਾੜੂ ਨਾਲ ਸੜਕਾਂ ਦੀ ਸਫਾਈ ਕਰਨ ਦੀ ਰਵਾਇਤੀ ਰਸਮ ਹੈ। -ਪੀਟੀਆਈ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈ
ਪੁਰੀ: ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੱਥ ਯਾਤਰਾ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉੜੀਸਾ ਦੇ ਰਾਜਪਾਲ ਹਰੀ ਬਾਬੂ ਕੰਭਮਪਤੀ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵੀ ਰੱਥ ਯਾਤਰਾ ਮੌਕੇ ਸੂਬੇ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤਿਓਹਾਰ ਤਹਿਤ ਭਗਵਾਨ ਬਲਭੱਦਰ, ਦੇਵੀ ਸੁਭੱਦਰਾ ਅਤੇ ਭਗਵਾਨ ਜਗਨਨਾਥ ਉੜੀਸਾ ਦੇ ਪੁਰੀ ਵਿਚਲੇ ਗੁੰਡੀਚਾ ਮੰਦਰ ’ਚ ਆਪਣੀ ਮਾਸੀ ਦੇ ਘਰ ਲਈ ਨੌਂ ਰੋਜ਼ਾ ਪਰਵਾਸ ਦੀ ਸ਼ੁਰੂਆਤ ਕਰਨਗੇ। -ਪੀਟੀਆਈ
ਰੱਥ ਯਾਤਰਾ ’ਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ
ਪੁਰੀ: ਇੱਥੋਂ ਦੇ ਸ੍ਰੀ ਗੁੰਡੀਚਾ ਮੰਦਰ ਨੇੜੇ ਅੱਜ ਭਗਵਾਨ ਜਗਨਨਾਥ ਅਤੇ ਉਨ੍ਹਾਂ ਦੇ ਭੈਣ-ਭਰਾਵਾਂ ਦੀ ਰੱਥ ਯਾਤਰਾ ਕੱਢੀ ਗਈ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਰੱਥਾਂ ਨੂੰ ਰੱਸੀਆਂ ਨਾਲ ਖਿੱਚਿਆ। ਉੜੀਸਾ ਦੇ ਰਾਜਪਾਲ ਹਰੀ ਬਾਬੂ ਕੰਭਮਪਤੀ ਅਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵੀ ਇਸ ਰੱਥ ਯਾਤਰਾ ਵਿੱਚ ਸ਼ਿਰਕਤ ਕੀਤੀ ਸੀ। ਅਧਿਕਾਰੀਆਂ ਅਨੁਸਾਰ 10 ਲੱਖ ਦੇ ਕਰੀਬ ਸ਼ਰਧਾਲੂ ਇਸ ਯਾਤਰਾ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। -ਪੀਟੀਆਈ