ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ’ਚੋਂ ਹਟਾਏ ਗੈਰ-ਨਾਗਰਿਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ: ਕਾਂਗਰਸ
EC couldn't tell how many non-citizens removed from Bihar electoral roll: Cong
ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਗੈਰ-ਨਾਗਰਿਕਾਂ ਨੂੰ ਹਟਾਉਣ ਲਈ SIR ਪ੍ਰਕਿਰਿਆ ਦੀ ਲੋੜ ਬਾਰੇ ਬਹੁਤ ਕੁਝ ਕਿਹਾ ਗਿਆ ਸੀ, ਪਰ ਚੋਣ ਕਮਿਸ਼ਨ ਕੋਲ ਦੇਸ਼ ਨੂੰ ਇਹ ਦੱਸਣ ਦੀ ਇਮਾਨਦਾਰੀ ਜਾਂ ਹਿੰਮਤ ਨਹੀਂ ਹੈ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਵਿੱਚੋਂ ਕਿੰਨੇ ਗੈਰ-ਨਾਗਰਿਕਾਂ ਨੂੰ ਹਟਾਇਆ ਗਿਆ ਹੈ। ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਜੇਕਰ ਚੋਣ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੁੰਦੀ ਕਿ ਬਿਹਾਰ ਵਿੱਚ ਕਿੰਨੇ ਅਜਿਹੇ ਗੈਰ-ਨਾਗਰਿਕਾਂ ਨੂੰ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਹੈ, ਤਾਂ ਇਹ ਪਹਿਲਾਂ ਨਾਲੋਂ ਵੀ ਵੱਧ ਬੇਨਕਾਬ ਹੋ ਜਾਂਦਾ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਬਿਹਾਰ ਵਿਚ ਵਿਸ਼ੇਸ਼ ਵਿਆਪਕ ਸੁਧਾਈ (SIR) ’ਤੇ ਸੁਪਰੀਮ ਕੋਰਟ ਵਿਚ ਮੰਗਲਵਾਰ ਤੋਂ ਮੁੜ ਸੁਣਵਾਈ ਸ਼ੁਰੂ ਹੋ ਰਹੀ ਹੈ। ਰਮੇਸ਼ ਨੇ X ’ਤੇ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ SIR ਅਭਿਆਸ ਦਾ ਵਿਸ਼ਲੇਸ਼ਣ ਵੀ ਸਾਂਝਾ ਕੀਤਾ।
The Supreme Court hearing on the Bihar SIR resumes today.
This fine analysis shows that the entire SIR exercise bulldozed through by the Election Commission has failed on all three counts of completeness, equity, and accuracy.
Much was made of the need of the SIR exercise to… pic.twitter.com/PfD6gd37Of
— Jairam Ramesh (@Jairam_Ramesh) October 7, 2025
ਰਮੇਸ਼ ਨੇ ਕਿਹਾ, ‘‘ਇਹ ਬਿਹਤਰੀਨ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਚੋਣ ਕਮਿਸ਼ਨ ਵੱਲੋਂ SIR ਦੇ ਨਾਂ ’ਤੇ ਕੀਤੀ ਗਈ ਇਹ ਪੂਰੀ ਮਸ਼ਕ ਸੰਪੂਰਨਤਾ, ਇਕਸਾਰਤਾ ਅਤੇ ਸ਼ੁੱਧਤਾ ਦੇ ਤਿੰਨਾਂ ਮਾਪਦੰਡਾਂ ’ਤੇ ਅਸਫਲ ਰਹੀ ਹੈ।’’ ਕਾਂਗਰਸ ਆਗੂ ਨੇ ਕਿਹਾ, ‘‘ਵੋਟਰ ਸੂਚੀ ’ਚੋਂ ਗੈਰ-ਨਾਗਰਿਕਾਂ ਨੂੰ ਹਟਾਉਣ ਲਈ SIR ਮਸ਼ਕ ਦੀ ਲੋੜ ਬਾਰੇ ਬਹੁਤ ਕੁਝ ਕਿਹਾ ਗਿਆ ਸੀ। ਚੋਣ ਕਮਿਸ਼ਨ ਕੋਲ ਦੇਸ਼ ਨੂੰ ਇਹ ਦੱਸਣ ਦੀ ਇਮਾਨਦਾਰੀ ਜਾਂ ਹਿੰਮਤ ਨਹੀਂ ਹੈ ਕਿ ਬਿਹਾਰ ਵਿੱਚ ਕਿੰਨੇ ਅਜਿਹੇ ਗੈਰ-ਨਾਗਰਿਕਾਂ ਨੂੰ ਵੋਟਰ ਸੂਚੀ ’ਚੋਂ ਹਟਾਇਆ ਗਿਆ ਹੈ।’’
ਰਮੇਸ਼ ਨੇ ਕਿਹਾ, ‘‘ਚੋਣ ਕਮਿਸ਼ਨ ਨੇ ਜੇਕਰ ਅਜਿਹਾ ਕੀਤਾ ਹੁੰਦਾ, ਤਾਂ ਉਸ ਦੇ ਭੇਦ ਹੋਰ ਵੀ ਬੇਨਕਾਬ ਹੋ ਜਾਂਦੇ।’’ ਬਿਹਾਰ ਵਿੱਚ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦਾ ਵਿਰੋਧੀ ਧਿਰ ਨੇ ਸਖ਼ਤ ਵਿਰੋਧ ਕੀਤਾ ਹੈ। ਵਿਰੋਧੀ ਧਿਰ ਨੇ ਚੋਣ ਕਮਿਸ਼ਨ ’ਤੇ ਸੱਤਾਧਾਰੀ ਭਾਜਪਾ ਦੇ ਇਸ਼ਾਰੇ ਉੱਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਕਮਿਸ਼ਨ ਹਾਲਾਂਕਿ ਇਸ ਦੋਸ਼ ਨੂੰ ਜ਼ੋਰਦਾਰ ਢੰਗ ਨਾਲ ਨਕਾਰਦਾ ਰਿਹਾ ਹੈ।
ਬਿਹਾਰ ਵਿੱਚ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਬਿਹਾਰ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਐੱਨਡੀਏ ਤੇ ਵਿਰੋਧੀ ਧਿਰਾਂ ਦੇ ਮਹਾਂਗੱਠਜੋੜ ਦਰਮਿਆਨ ਹੈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ‘ਜਨ ਸੁਰਾਜ ਪਾਰਟੀ’ ਵੀ ਮੈਦਾਨ ਵਿਚ ਹੈ, ਜੋ ਕਿੰਗਮੇਕਰ ਸਾਬਤ ਹੋ ਸਕਦੀ ਹੈ। ਪੀਟੀਆਈ