ਚੋਣ ਕਮਿਸ਼ਨ ਹਮੇਸ਼ਾ ਮੋਦੀ ਸਰਕਾਰ ਦੇ ਹੱਥਾਂ ਦੀ ‘ਕਠਪੁਤਲੀ’ ਰਿਹਾ: ਸਿੱਬਲ
ਨਵੀਂ ਦਿੱਲੀ, 13 ਜੁਲਾਈ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ਹਮੇਸ਼ਾ ਤੋਂ ਮੋਦੀ ਸਰਕਾਰ ਦੇ ਹੱਥਾਂ ਦੀ ‘ਕਠਪੁਤਲੀ’ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ‘ਗ਼ੈਰ-ਸੰਵਿਧਾਨਕ’ ਕਦਮ ਹੈ ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਹੁਗਿਣਤੀਵਾਦੀ ਸਰਕਾਰਾਂ ਸੱਤਾ ’ਚ ਬਣੀਆਂ ਰਹਿਣ। ਸਿੱਬਲ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਇਹ ਵੀ ਦੋਸ਼ ਲਾਇਆ ਕਿ ਹਰੇਕ ਚੋਣ ਕਮਿਸ਼ਨਰ ‘ਇਸ ਸਰਕਾਰ ਨਾਲ ਗੰਢ-ਤੁੱਪ ਕਰਨ’ ’ਚ ਇਕ-ਦੂਜੇ ਤੋਂ ਅੱਗੇ ਰਹਿੰਦਾ ਹੈ। ਬਿਹਾਰ ’ਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਪੜਤਾਲ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਕੋਲ ਨਾਗਰਿਕਤਾ ਦੇ ਮੁੱਦਿਆਂ ਬਾਰੇ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਸਾਬਕਾ ਕਾਨੂੰਨ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵਿਹਾਰ ਬਾਰੇ ਜਿੰਨਾ ਘੱਟ ਬੋਲਿਆ ਜਾਵੇ, ਓਨਾ ਹੀ ਬਿਹਤਰ ਹੈ। ‘ਮੈਂ ਆਖਦਾ ਰਿਹਾ ਹਾਂ ਕਿ ਭਾਜਪਾ ਕਿਸੇ ਵੀ ਤਰ੍ਹਾਂ ਚੋਣ ਜਿੱਤਣ ਲਈ ਹਰ ਸੰਭਵ ਹੱਥਕੰਡਾ ਅਪਣਾਉਂਦੀ ਹੈ। ਜੇ ਤੁਸੀਂ ਗਰੀਬਾਂ, ਹਾਸ਼ੀਏ ’ਤੇ ਧੱਕੇ ਲੋਕਾਂ, ਆਦਿਵਾਸੀਆਂ ਦੇ ਨਾਮ ਵੋਟਰ ਸੂਚੀਆਂ ’ਚੋਂ ਹਟਾ ਦਿਓਗੇ ਤਾਂ ਤੁਸੀਂ ਇਹ ਯਕੀਨੀ ਬਣਾ ਦੇਵੋਗੇ ਕਿ ਬਹੁਗਿਣਤੀਵਾਦੀ ਪਾਰਟੀ ਹਮੇਸ਼ਾ ਜਿੱਤਦੀ ਰਹੇ। ਇਹ ਬਹੁਤ ਚਿੰਤਾਜਨਕ ਰੁਝਾਨ ਹੈ।’’ -ਪੀਟੀਆਈ